ਵਿਨਾਸ ਦੇ ਰਾਹ ’ਤੇ ਜੀਉਣਾ

ਜਦ ਮੈਂ ਤੀਜੀ ਕਲਾਸ ਵਿੱਚ ਸਾਂ ਤਾਂ ਮੈਂ ਆਪਣੇ ਇੱਕ ਮਿੱਤਰ ਨੂੰ ਪੁੱਛਿਆ ਕਿ ਕੀ ਉਹ ਰਾਤ ਨੂੰ ਸੌਣ ਲਈ ਮੇਰੇ ਘਰ ਰਹਿ ਸੱਕਦਾ ਹੈ। ਅਗਲੇ ਦਿਨ ਉਸ ਨੇ ਮੈਨੂੰ ਆਖਿਆ, “ਮੇਰੇ ਮਾਪਿਆਂ ਨੇ ਮਨ੍ਹਾ ਕਰ ਦਿੱਤਾ ਹੈ ਕਿਉਂਕਿ ਤੇਰੇ ਮਾਪੇ ਸ਼ਰਾਬੀ ਹਨ।” ਉਸ ਦੀ ਇਸ ਗੱਲ ਨੇ ਮੈਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ: ਮੇਰਾ ਪਰਿਵਾਰ ਇੱਕ ਸਧਾਰਨ ਪਰਿਵਾਰ ਨਹੀਂ ਹੈ। ਮੇਰੇ ਮਾਪੇ ਸ਼ਰਾਬੀ ਹਨ। ਮੇਰੇ ਮਾਪਿਆਂ ਦੇ ਜੀਵਨ ਦੇ ਹਰੇਕ ਪਹਿਲੂ ਉੱਤੇ ਸ਼ਰਾਬ ਦਾ ਨਿਯੰਤ੍ਰਣ ਸੀ; ਮੈਂ ਬਸ ਇਹੋ ਜਾਣਦਾ ਸਾਂ।

ਮੈਨੂੰ ਇੱਕ ਹੋਰ ਜ਼ੋਰਦਾਰ ਧੱਕਾ ਉਦੋਂ ਲੱਗਾ ਜਦ ਮੈਂ ਅਤੇ ਮੇਰੀ ਭੈਣ ਕਿਸੇ ਪਰਿਵਾਰ ਵਿੱਚ ਰਾਤ ਦਾ ਭੋਜਨ ਕਰਨ ਲਈ ਗਏ ਸਾਂ। ਉੱਥੇ ਨਾ ਤਾਂ ਕੋਈ ਸ਼ਰਾਬ ਪੀ ਰਿਹਾ ਸੀ ਅਤੇ ਨਾ ਹੀ ਝਗੜਾ ਕਰ ਰਿਹਾ ਸੀ। ਉਹ ਇਕੱਠੇ ਖੇਡਾਂ ਖੇਡ ਰਹੇ ਸਨ ਅਤੇ ਮਜ਼ੇ ਕਰ ਰਹੇ ਸਨ। ਸਾਨੂੰ ਇਸ ਸਿਆਣਨ ਵਿੱਚ ਬਹੁਤਾ ਸਮਾਂ ਨਾ ਲੱਗਾ ਕਿ ਘਰੋਂ ਬਾਹਰ ਆ ਕੇ ਅਸੀਂ ਕਿੰਨੇ ਵੱਧ ਸੁਰੱਖਿਅਤ ਸਾਂ, ਇਸ ਕਰਕੇ ਅਸੀਂ ਜਿੰਨਾ ਹੋ ਸਕੇ ਓਨਾ ਵਧੇਰੇ ਘਰੋਂ ਬਾਹਰ ਰਹਿਣ ਦੇ ਜਤਨ ਕਰਨ ਲੱਗੇ। ਮੇਰੇ ਚਾਚੇ ਦਾ ਘਰ ਨੇੜੇ ਹੀ ਸੀ, ਇਸ ਕਰਕੇ ਜਦ ਸਾਡੇ ਮਾਪਿਆਂ ਦੀ ਸ਼ਰਾਬ ਅਤੇ ਝਗੜਾ ਵੱਸੋਂ ਬਾਹਰ ਹੋ ਜਾਂਦਾ ਤਾਂ ਅਸੀਂ ਰਾਤ ਰੁਕਣ ਲਈ ਮੇਰੇ ਚਾਚੇ ਦੇ ਘਰ ਚਲੇ ਜਾਂਦੇ ਸਾਂ। ਜਦ ਅਸੀਂ ਅਗਲੇ ਦਿਨ ਘਰ ਵਾਪਿਸ ਆਉਂਦੇ, ਤਾਂ ਸਾਰੇ ਘਰ ਵਿੱਚ ਟੁੱਟਾ ਫਰਨੀਚਰ, ਟੁੱਟੇ ਭਾਂਡੇ ਅਤੇ ਹੋਰ ਸਮਾਨ ਘਿਲਰਿਆ ਹੁੰਦਾ ਸੀ।

ਅਕਸਰ ਮੈਂ ਪਹਿਲੀ ਮੰਜ਼ਿਲ ਉੱਤੇ ਆਪਣੇ ਕਮਰੇ ਵਿੱਚ ਲੁਕਿਆ ਰਹਿੰਦਾ ਸਾਂ, ਪਰ ਉੱਥੇ ਵੀ ਮੈਨੂੰ ਚੈਨ ਨਹੀਂ ਮਿਲਦਾ ਸੀ। ਉੱਥੇ ਵੀ ਮੈਂ ਹੇਠਲੇ ਕਮਰੇ ਵਿੱਚ ਆਪਣੇ ਮਾਪਿਆਂ ਨੂੰ ਇੱਕ ਦੂਜੇ ਨੂੰ ਗਾਲਾਂ ਕੱਢਦਿਆਂ ਅਤੇ ਇੱਕ ਦੂਜੇ ਨਾਲ ਮਾਰ-ਕੁੱਟ ਕਰਦਿਆਂ ਸੁਣ ਸੱਕਦਾ ਸਾਂ। ਕਿਸੇ ਬੱਚੇ ਨੂੰ ਉਹ ਸੁਣਨ ਦੀ ਨੌਬਤ ਨਹੀਂ ਆਉਣੀ ਚਾਹੀਦੀ ਜੋ ਮੈਂ ਸੁਣਿਆ। ਜਾਂ ਉਹ ਵੇਖਣ ਦੀ ਨੌਬਤ ਨਹੀਂ ਆਉਣੀ ਚਾਹੀਦੀ ਜੋ ਮੈਂ ਵੇਖਿਆ। ਮੇਰਾ ਪਿਤਾ ਇਸ ਗੱਲ ਨੂੰ ਨਹੀਂ ਜਾਣਦਾ, ਪਰ ਆਪਣੀ ਅੱਖੀਂ ਵੇਖਿਆ ਕਿ ਉਸ ਨੇ ਮੇਰੀ ਮਾਂ ਨੂੰ ਐਨਾ ਜ਼ੋਰ ਦੀ ਧੱਕਾ ਮਾਰਿਆ ਕਿ ਉਸ ਦੇ ਚੂਲ਼ੇ ਦੀ ਹੱਡੀ ਟੁੱਟ ਜਾਣ ਕਾਰਣ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ।

ਮੇਰਾ ਪਿਤਾ ਸ਼ਰਾਬ ਪੀਣ ਤੋਂ ਬਾਅਦ ਗੁੱਸਾ ਨਹੀਂ ਕਰਦਾ ਸੀ, ਪਰ ਉਹ ਸੋਗ ਕਰਦਾ ਸੀ। ਕਦੇ-ਕਦੇ ਤਾਂ ਉਹ ਘਰੇ ਆਣ ਕੇ ਮੈਨੂੰ ਬਿਸਤਰ ਵਿੱਚੋਂ ਉਠਾਉਂਦਾ ਅਤੇ ਆਪਣੀ ਜ਼ਿੰਦਗੀਆਂ ਦੀਆਂ ਮੁਸੀਬਤਾਂ ਬਾਰੇ ਸੋਗ ਕਰਦਾ ਹੁੰਦਾ ਸੀ। ਕਿਉਂਕਿ ਮੈਂ ਇੱਕ ਬਾਲਕ ਹੀ ਸਾਂ, ਇਸ ਕਰਕੇ ਮੈਂ ਬਸ ਉਸ ਨੂੰ ਸੁਣਦਾ ਰਹਿੰਦਾ ਅਤੇ ਉਸ ਨੂੰ ਰੋਂਦਿਆਂ ਵੇਖਦਾ ਰਹਿੰਦਾ। ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ ਸੀ। ਮੈਨੂੰ ਚੇਤੇ ਹੈ ਕਿ ਮੈਂ ਬੈਠਾ ਇਹੋ ਸੋਚਦਾ ਰਹਿੰਦਾ ਸਾਂ, “ਮੈਨੂੰ ਨਹੀਂ ਪਤਾ ਕਿ ਮੈਂ ਇਸ ਬਾਰੇ ਕੀ ਕਰਾਂ।”

ਮੈਂ ਆਪਣੇ ਜੀਵਨ ਵਿੱਚ ਅਜਿਹੇ ਮੁਕਾਮ ’ਤੇ ਪੁੱਜ ਗਿਆ, ਜਿੱਥੇ ਮੈਂ ਸੋਚਣ ਲੱਗ ਪਿਆ ਕਿ ਕੀ ਜ਼ਿੰਦਗੀ ਜੀਉਣ ਦਾ ਕੋਈ ਫਾਇਦਾ ਹੈ ਵੀ ਜਾਂ ਨਹੀਂ। ਅਕਸਰ ਮੈਂ ਆਪਣੇ ਕਮਰੇ ਦੀ ਖਿੜਕੀ ਤੋਂ ਬਾਹਰ ਇੱਕ ਵੱਡੇ ਦਰਖਤ ਨੂੰ ਘੂਰਦਾ ਰਹਿੰਦਾ ਸਾਂ ਅਤੇ ਸੋਚਦਾ ਸਾਂ ਕਿ ਮੈਂ ਉਸ ਉੱਤੇ ਫਾਹਾ ਲਾ ਕੇ ਮਰ ਜਾਵਾਂਗਾ। ਇੱਥੋਂ ਤੱਕ ਕਿ ਮੈਂ ਆਪਣੀ ਕਬਰ ਉੱਤੇ ਲਗਾਉਣ ਲਈ ਪਲਾਈਵੁੱਡ ਦੀ ਇੱਕ ਤਖਤੀ ਵੀ ਬਣਾ ਲਈ ਸੀ। ਕਦੇ-ਕਦੇ ਮੈਂ ਸੋਚਦਾ ਹਾਂ ਕਿ ਸ਼ਾਇਦ ਉਹ ਤਖਤੀ ਅਜੇ ਵੀ ਪਹਿਲੀ ਮੰਜ਼ਿਲ ਉੱਤੇ ਬਣੇ ਮੇਰੇ ਕਮਰੇ ਵਿੱਚ ਉੱਥੇ ਹੀ ਪਈ ਹੋਵੇਗੀ ਜਿੱਥੇ ਮੈਂ ਉਸ ਨੂੰ ਗਲੀਚੇ ਦੇ ਹੇਠਾਂ ਰੱਖਿਆ ਸੀ।

ਕਿਸੇ ਬੱਚੇ ਨੂੰ ਉਹ ਸੁਣਨ ਦੀ ਨੌਬਤ ਨਹੀਂ ਆਉਣੀ ਚਾਹੀਦੀ ਜੋ ਮੈਂ ਸੁਣਿਆ। ਜਾਂ ਉਹ ਵੇਖਣ ਦੀ ਨੌਬਤ ਨਹੀਂ ਆਉਣੀ ਚਾਹੀਦੀ ਜੋ ਮੈਂ ਵੇਖਿਆ।

ਘਰੋਂ ਬਾਹਰ ਨਿਕਲਣ ਦਾ ਮੇਰਾ ਅਵਸਰ ਮੇਰੀ ਚੰਗੀ ਪੜ੍ਹਾਈ ਸੀ ਜਿਸ ਦੇ ਸਦਕਾ ਮੈਨੂੰ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ। ਉੱਥੇ ਵੀ ਮੇਰਾ ਨਤੀਜਾ ਚੰਗਾ ਰਿਹਾ ਅਤੇ ਮੇਰਾ ਨਾਮ ਚੰਗੇ ਵਿਦਿਆਰਥੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਜਦ ਮੇਰੇ ਪਿਤਾ ਨੇ ਇਸ ਬਾਰੇ ਸੁਣਿਆ ਤਾਂ ਉਸ ਨੇ ਪਹਿਲੀ ਅਤੇ ਆਖਰੀ ਵਾਰ ਮੈਨੂੰ ਆਖਿਆ ਕਿ ਉਸ ਨੂੰ ਮੇਰੇ ਉੱਤੇ ਬਹੁਤ ਮਾਣ ਸੀ। ਇਹ ਮੇਰੇ ਜੀਵਨ ਵਿੱਚ ਦੂਜੀ ਵਾਰ ਸੀ ਜਦ ਮੇਰੇ ਪਿਤਾ ਨੇ ਮੇਰੇ ਜੀਵਨ ਦੀ ਕਿਸੇ ਗੱਲ ਉੱਤੇ ਗੌਰ ਕੀਤਾ ਸੀ।

ਮੈਂ ਆਪ ਤਾਂ ਸ਼ਰਾਬੀ ਨਹੀਂ ਬਣਿਆ, ਪਰ ਸ਼ਰਾਬ ਦੇ ਮਾੜੇ ਅਸਰ ਮੇਰੇ ਨਾਲ ਬਣੇ ਰਹੇ। ਅਜਿਹੇ ਮਾੜੇ ਹਾਲਾਤਾਂ ਵਾਲੇ ਪਰਿਵਾਰ ਵਿੱਚ ਰਹਿਣ ਦੇ ਕਾਰਣ ਮੈਨੂੰ ਇਸ ਗੱਲ ਦਾ ਕੋਈ ਵਿਚਾਰ ਤੱਕ ਨਹੀਂ ਸੀ ਕਿ ਇੱਕ ਚੰਗਾ ਪਰਿਵਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜਦ ਮੇਰਾ ਵਿਆਹ ਹੋਇਆ ਅਤੇ ਬੱਚੇ ਹੋਏ, ਤਾਂ ਇਹ ਸਭ ਮੈਨੂੰ ਬਹੁਤ ਅਜੀਬ ਲੱਗਣ ਲੱਗ ਪਿਆ ਅਤੇ ਮੈਂ ਇਹੋ ਸੋਚਦਾ ਰਹਿੰਦਾ ਸਾਂ ਕਿ ਇੱਕ ਸਧਾਰਨ ਪਰਿਵਾਰ ਕਿਹੋ ਜਿਹਾ ਹੁੰਦਾ ਹੈ।

ਮੈਨੂੰ ਆਪਣੇ ਜਜ਼ਬਾਤਾਂ ਦੇ ਨਾਲ ਨਜਿੱਠਣਾ ਨਹੀਂ ਆ ਰਿਹਾ ਸੀ। ਮੈਂ ਆਪਣੇ ਮਾਪਿਆਂ ਨੂੰ ਹਮੇਸ਼ਾ ਆਪਣੇ ਨਕਾਰਾਤਮਕ ਜਜ਼ਬਾਤਾਂ ਦੇ ਨਾਲ ਸ਼ਰਾਬ ਦਾ ਸਹਾਰਾ ਲੈ ਕੇ ਹੀ ਨਜਿੱਠਦਿਆਂ ਵੇਖਿਆ ਸੀ, ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਦੇ, ਸਾਡੇ, ਜਜ਼ਬਾਤਾਂ ਦੀ ਕਦੇ ਕਦਰ ਹੀ ਨਹੀਂ ਕੀਤੀ ਸੀ। ਜੇਕਰ ਸਾਡੇ ਵਿੱਚੋਂ ਕੋਈ ਰੋਣ ਲੱਗ ਪੈਂਦਾ, ਤਾਂ ਮੇਰਾ ਪਿਤਾ ਸਾਨੂੰ ਇਹ ਆਖਦਾ ਸੀ, “ਰੋਣਾ ਬੰਦ ਕਰੋ ਵਰਨਾ ਮੈਂ ਤੁਹਾਡੀ ਅਜਿਹੀ ਹਾਲਤ ਕਰਾਂਗਾ ਕਿ ਤੁਹਾਡਾ ਰੋਣਾ ਕਦੇ ਬੰਦ ਨਹੀਂ ਹੋਵੇਗਾ।” ਮੈਨੂੰ ਚੇਤੇ ਹੈ ਕਿ ਜਦ ਮੈਂ ਯੂਨੀਵਰਸਿਟੀ ਵਿੱਚ ਸਾਂ ਤਾਂ ਇੱਕ ਵਾਰ ਮੈਂ ਆਪਣੀ ਮਾਂ ਨੂੰ ਜੱਫੀ ਪਾਈ ਸੀ। ਉਸ ਵੇਲੇ ਉਹ ਇੱਕ ਸੁੱਕੀ ਲੱਕੜ ਵਾਂਗ ਬਣ ਕੇ ਰਹਿ ਗਈ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਜਿਹੀ ਕੋਮਲਤਾ ਨੂੰ ਉਹ ਕਿਵੇਂ ਸੰਭਾਲੇ, ਅਤੇ ਮੈਂ ਬਸ ਇਹ ਸਿੱਖ ਰਿਹਾ ਸਾਂ ਕਿ ਦੂਜਿਆਂ ਨੂੰ ਅਜਿਹੀ ਕੋਮਲਤਾ ਕਿਵੇਂ ਦਿੱਤੀ ਜਾਂਦੀ ਹੈ।

ਕਈ ਵਰ੍ਹਿਆਂ ਤੱਕ ਮੈਂ ਨਿਰਾਸਾ ਵਿੱਚ ਜੀਵਨ ਬਤੀਤ ਕਰਦਾ ਰਿਹਾ। ਮੈਂ ਪਿੱਛੇ ਮੁੜ ਕੇ ਵੇਖਦਾ ਅਤੇ ਸੋਚਦਾ ਕਿ ਕਾਸ਼ ਮੈਂ ਕਿਸੇ ਹੋਰ ਪਰਿਵਾਰ ਵਿੱਚ ਪੈਦਾ ਹੋਇਆ ਹੁੰਦਾ। ਮੇਰੇ ਦਿਮਾਗ ਵਿੱਚ ਆਪਣੇ ਬਾਰੇ “ਬੇਚਾਰਗੀ” ਦੇ ਵਿਚਾਰ ਪਨਪ ਰਹੇ ਸਨ: ਮੇਰਾ ਜੀਵਨ ਅਜਿਹਾ ਕਿਉਂ ਬੀਤਿਆ ਹੈ? ਮੈਂ ਇਹੋ ਕਲਪਨਾ ਕਰਦਾ ਰਹਿੰਦਾ ਸਾਂ ਕਿ ਜੇਕਰ ਮੇਰਾ ਜੀਵਨ ਵੱਖਰਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ। ਮੇਰੇ ਅੰਦਰ ਖਾਸ ਕਰਕੇ ਮੇਰੇ ਪਿਤਾ ਲਈ ਕੁੜੱਤਣ ਅਤੇ ਗੁੱਸਾ ਭਰਦਾ ਜਾ ਰਿਹਾ ਸੀ; ਅਤੇ ਇਸ ਨੇ ਮੈਨੂੰ ਅੰਦਰੋਂ ਹੀ ਅੰਦਰ ਖਾਣਾ ਸ਼ੁਰੂ ਕਰ ਦਿੱਤਾ।

ਮੈਂ ਜਾਣਦਾ ਸਾਂ ਕਿ ਮੈਨੂੰ ਮਾਫ ਕਰਨਾ ਸਿੱਖਣਾ ਪਵੇਗਾ, ਵਰਨਾ ਮੇਰਾ ਗੁੱਸਾ ਮੈਨੂੰ ਖਾ ਜਾਵੇਗਾ।

ਇੱਕ ਦਿਨ ਯੂਨੀਵਰਸਿਟੀ ਵਿੱਚ ਕਿਸੇ ਨੇ ਮੈਨੂੰ ਆਖਿਆ ਕਿ ਮੈਨੂੰ ਆਪਣੇ ਪਿਤਾ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਪਿਆਰ ਕਰਨ ਦਾ ਕੋਈ ਰਾਹ ਭਾਲਣਾ ਚਾਹੀਦਾ ਹੈ। ਮੈਂ ਸਿਆਣ ਲਿਆ ਕਿ ਮੇਰੇ ਕੋਲ ਦੋ ਚੋਣਾਂ ਹਨ। ਜਾਂ ਤਾਂ ਮੈਂ ਕੁੜੱਤਣ ਅਤੇ ਗੁੱਸੇ ਨਾਲ ਭਰਿਆ ਰਹਾਂ ਅਤੇ ਅੰਦਰੋਂ ਖਤਮ ਹੋ ਜਾਵਾਂ, ਜਿਸ ਬਾਰੇ ਮੈਂ ਜਾਣਦਾ ਸਾਂ ਕਿ ਇਹ ਮੇਰੇ ਲਈ ਅਤੇ ਮੇਰੇ ਸੰਬੰਧਾਂ ਦੇ ਲਈ ਚੰਗਾ ਨਹੀਂ ਹੋਵੇਗਾ, ਅਤੇ ਜਾਂ ਫਿਰ ਇਸ ਸਚਿਆਈ ਨੂੰ ਸਵੀਕਾਰ ਕਰ ਲਵਾਂ ਕਿ ਮੇਰਾ ਜੀਵਨ ਭਲਿਆਈਆਂ ਅਤੇ ਬੁਰਿਆਈਆਂ ਨਾਲ ਭਰਿਆ ਰਿਹਾ ਹੈ ਅਤੇ ਮੇਰੇ ਮਾਪਿਆਂ ਵਿੱਚ ਬਹੁਤ ਖਾਮੀਆਂ ਹਨ। ਮੈਂ ਜਾਣਦਾ ਸਾਂ ਕਿ ਮੈਨੂੰ ਮਾਫ ਕਰਨਾ ਸਿੱਖਣਾ ਪਵੇਗਾ, ਵਰਨਾ ਮੇਰਾ ਗੁੱਸਾ ਮੈਨੂੰ ਖਾ ਜਾਵੇਗਾ।

ਆਖਿਰਕਾਰ ਮੈਂ ਹਿੰਮਤ ਕਰਕੇ ਆਪਣੇ ਪਿਤਾ ਨੂੰ ਕਹਿ ਦਿੱਤਾ, “ਪਿਤਾ ਜੀ, ਮੈਂ ਤੁਹਾਨੂੰ ਪਿਆਰ ਕਰਦਾ ਹਾਂ” ਅਤੇ ਇਸ ਵਿੱਚ ਮੈਂ ਕਿਸੇ ਸ਼ਿਕਾਇਤ ਜਾਂ ਕਿੰਤੂ-ਪਰੰਤੂ ਨੂੰ ਸ਼ਾਮਿਲ ਨਹੀਂ ਕੀਤਾ। ਇਸ ਗੱਲ ਨੇ ਉਸ ਦੇ ਨਾਲ ਮੇਰੇ ਸੰਬੰਧਾਂ ਨੂੰ ਇੱਕ ਨਵਾਂ ਰੂਪ ਦੇ ਦਿੱਤਾ। ਉਹ ਪਹਿਲਾਂ ਨਾਲੋਂ ਕਿਤੇ ਵਧ ਚੰਗਾ ਇਨਸਾਨ ਬਣ ਗਿਆ। ਇੱਕ ਦਿਨ ਮੈਂ ਆਪਣੇ ਪਿਤਾ ਨੂੰ ਇੱਕ ਚਿੱਠੀ ਲਿਖੀ। ਮੈਂ ਇਹ ਚਿੱਠੀ ਦਿਲੋਂ ਲਿਖੀ ਅਤੇ ਉਸ ਵਿੱਚ ਮੈਂ ਉਹ ਹਰੇਕ ਭਲਿਆਈ ਲਿਖ ਦਿੱਤੀ ਜਿਹੜੀ ਮੈਂ ਉਸ ਦੇ ਜੀਵਨ ਵਿੱਚ ਵੇਖੀ ਸੀ। ਉਸ ਨੇ ਮੇਰੀ ਚਿੱਠੀ ਦਾ ਜਵਾਬ ਕਦੇ ਨਹੀਂ ਦਿੱਤਾ, ਪਰ ਮੈਨੂੰ ਅਜਿਹਾ ਜਾਪਦਾ ਹੈ ਕਿ ਉਸ ਨੇ ਚਿੱਠੀ ਲਿਖਣਾ ਕਦੇ ਸਿੱਖਿਆ ਹੀ ਨਹੀਂ ਸੀ। ਮੇਰੀ ਮਾਂ ਨੇ ਜਵਾਬ ਲਿਖਿਆ। ਉਸ ਨੇ ਲਿਖਿਆ, “ਤੇਰੇ ਪਿਤਾ ਨੇ ਤੇਰੀ ਚਿੱਠੀ ਪੜ੍ਹੀ ਅਤੇ ਰੋ ਪਿਆ। ਮੈਨੂੰ ਲੱਗਦਾ ਹੈ ਕਿ ਉਸ ਨੂੰ ਇਸੇ ਦੀ ਲੋੜ ਸੀ।” ਉਹ ਘੜੀ ਮੇਰੇ ਲਈ ਬਹੁਤ ਮੁੱਲਵਾਨ ਘੜੀ ਸੀ। 1989 ਵਿੱਚ ਮੇਰੇ ਪਿਤਾ ਦੀ ਮੌਤ ਵੇਲੇ ਸਾਡੇ ਰਿਸ਼ਤੇ ਵਿੱਚ ਬਹੁਤ ਚੰਗਾ ਬਦਲਾਓ ਆ ਚੁੱਕਾ ਸੀ।

ਕੀ ਤੁਹਾਡੀ ਮਾਤਾ ਜਾਂ ਤੁਹਾਡਾ ਪਿਤਾ ਸ਼ਰਾਬੀ ਹੈ? ਕੀ ਤੁਹਾਡੇ ਅੰਦਰ ਅਜਿਹੇ ਜ਼ਖਮ ਹਨ ਜਿੰਨਾ ਦਾ ਇਲਾਜ ਕੀਤੇ ਬਿਨਾ ਤੁਸੀਂ ਲੁਕਾਉਣ ਦਾ ਜਤਨ ਕਰਦੇ ਆ ਰਹੇ ਹੋ? ਤੁਸੀਂ ਇਕੱਲੇ ਨਹੀਂ ਹੋ। ਜੇਕਰ ਤੁਸੀਂ ਆਪਣਾ ਤਜਰਬਾ ਕਿਸੇ ਦੇ ਨਾਲ ਕੇਵਲ ਵੰਡਣਾ ਚਾਹੁੰਦੇ ਹੋ, ਤਾਂ ਸਾਡੀ ਟੀਮ ਦਾ ਕੋਈ ਨਾ ਕੋਈ ਮੈਂਬਰ ਤੁਹਾਨੂੰ ਸੁਣਨ ਲਈ ਤਿਆਰ ਰਹੇਗਾ। ਕਿਰਪਾ ਕਰਕੇ ਆਪਣੀ ਸੰਪਰਕ ਜਾਣਕਾਰੀ ਹੇਠਾਂ ਲਿਖ ਦਿਓ, ਤਾਂ ਜੋ ਅਸੀਂ ਛੇਤੀ ਤੋਂ ਛੇਤੀ ਤੁਹਾਨੂੰ ਸੰਪਰਕ ਕਰ ਸਕੀਏ।

ਗੋਪਨੀਯਤਾ ਬਣਾਏ ਰੱਖਣ ਲਈ ਲੇਖਕ ਦੇ ਨਾਮ ਦੇ ਸਿਰਫ ਪਹਿਲੇ ਅੱਖਰ ਹੀ ਦਿੱਤੇ ਗਏ ਹਨ।
ਲੇਖਕ ਦੀ ਫੋਟੋ Yogendra Singh

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.