ਕੀ ਤੁਸੀਂ ਖੁਦਕੁਸ਼ੀ ਬਾਰੇ ਸੋਚ ਰਹੇ ਹੋ?

Find Help Now
Language हिन्दी / ગુજરાતી / मराठी / தமிழ் / English

ਕੀ ਤੁਹਾਡੀ ਆਖਰੀ ਉਮੀਦ ਟੁੱਟ ਚੁੱਕੀ ਹੈ? ਕੀ ਤੁਸੀਂ ਲਾਚਾਰ ਅਤੇ ਮਾਯੂਸ ਮਹਿਸੂਸ ਕਰ ਰਹੇ ਹੋ? ਨਹੀਂ ਜਾਣਦੇ ਕਿ ਕੀ ਤੁਸੀਂ ਇੱਕ ਹੋਰ ਦਿਨ ਦਾ ਸਾਹਮਣਾ ਕਰ ਸਕਦੇ ਹੋ? ਇਹ ਸੰਸਾਧਨ ਤੁਹਾਡੀ ਮਦਦ ਕਰਨਗੇ:

ਤੁਹਾਨੂੰ ਜ਼ਿੰਦਗੀ ਨੂੰ ਇੱਕ ਹੋਰ ਮੌਕਾ ਕਿਉਂ ਦੇਣਾ ਚਾਹੀਦਾ ਹੈ

ਤੁਸੀਂ ਇਸ ਲੇਖ ਨੂੰ ਇਸ ਕਰਕੇ ਪੜ੍ਹ ਰਹੇ ਹੋ ਕਿਉਂਕਿ ਤੁਸੀਂ ਆਤਮਹੱਤਿਆ ਕਰਨ ਬਾਰੋ ਸੋਚ ਰਹੇ ਹੋ। ਜਾਂ ਫਿਰ ਤੁਸੀਂ ਕਿਸੇ ਵਿਅਕਤੀ ਨੂੰ ਜਾਣਦੇ ਹੋ ਜੋ ਅਜਿਹਾ ਕਰਨ ਬਾਰੇ ਸੋਚ ਰਿਹਾ ਹੈ।

ਜੇਕਰ ਤੁਸੀਂ ਅਜਿਹਾ ਵਿਅਕਤੀ ਹੋ, ਜਿਹੜਾ ਆਪਣੇ ਜੀਵਨ ਲਈ ਆਸ ਨੂੰ ਗੁਆ ਬੈਠਾ ਹੈ, ਤਾਂ ਕਿਰਪਾ ਕਰਕੇ ਅੱਗੇ ਜ਼ਰੂਰ ਪੜ੍ਹੋ। ਮੈਂ ਤੁਹਾਡੇ ਨਾਲ ਨਿੱਜੀ ਤੌਰ ’ਤੇ ਗੱਲ ਕਰਨਾ ਚਾਹੁੰਦੀ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਯੋਜਨਾ ਬਣਾ ਚੁੱਕੇ ਹੋ ਜਾਂ ਫਿਰ ਸ਼ਾਇਦ ਇਸ ਦਾ ਜਤਨ ਵੀ ਕਰ ਚੁੱਕੇ ਹੋ। ਤੁਸੀਂ ਸਿਰਫ ਇਹੋ ਸੋਚ ਰਹੇ ਹੋ ਕਿ ਤੁਹਾਡੀ ਜ਼ਿੰਦਗੀ ਕਿੰਨੀ ਨਿਰਾਸ਼ਾ ਭਰੀ ਹੋ ਚੁੱਕੀ ਹੈ, ਅਤੇ ਤੁਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਨਹੀਂ ਕਰ ਸਕਦੇ। ਇਹ ਦਰਦ ਸਹਿਣ ਤੋਂ ਬਾਹਰ ਹੈ। ਤੁਸੀਂ ਜਿਸ ਭਾਰ ਨੂੰ ਆਪਣੇ ਅੰਦਰ ਲੈ ਕੇ ਜੀ ਰਹੇ ਹੋ ਉਸ ਨੂੰ ਕੋਈ ਨਹੀਂ ਸਮਝ ਸਕਦਾ ਅਤੇ ਨਾ ਹੀ ਉਸ ਜਜ਼ਬਾਤੀ ਤੁਫਾਨ ਨੂੰ ਸਮਝ ਸਕਦਾ ਹੈ ਜਿਸ ਦਾ ਤੁਸੀਂ ਸਾਹਮਣਾ ਕਰ ਰਹੇ ਹੋ।

ਪਰ ਹੁਣ ਤੁਸੀਂ ਇੱਥੇ ਆਏ ਹੋ ਅਤੇ ਕਿਉਂਕਿ ਤੁਸੀਂ ਇੱਥੇ ਆਏ ਹੋ, ਇਸ ਕਰਕੇ ਮੈਂ ਤੁਹਾਨੂੰ ਇੱਕ ਆਸ ਦੇਣਾ ਚਾਹੁੰਦੀ ਹਾਂ, ਕਿ ਕਿਵੇਂ ਤੁਹਾਡੀ ਜ਼ਿੰਦਗੀ ਵਿੱਚ ਫਰਕ ਆ ਸਕਦਾ ਹੈ, ਕਿ ਤੁਹਾਨੂੰ ਜ਼ਿੰਦਗੀ ਨੂੰ ਇੱਕ ਹੋਰ ਮੌਕਾ ਕਿਉਂ ਦੇਣਾ ਚਾਹੀਦਾ ਹੈ।

ਵਿਕਲਪ: ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਬਜਾਇ ਕੁਝ ਹੋਰ ਕਰਨ ਬਾਰੇ ਵਿਚਾਰ ਕਰੋ। ਹੋ ਸਕਦਾ ਹੈ ਕਿ ਤੁਸੀਂ ਕਿਸੇ ਤੋਂ ਸਲਾਹ ਲੈ ਚੁੱਕੇ ਹੋ ਜਾਂ ਕਿਸੇ ਨਾਲ ਇਸ ਬਾਰੇ ਗੱਲਬਾਤ ਕਰ ਚੁੱਕੇ ਹੋ, ਪਰ ਉਸ ਤੋਂ ਤੁਹਾਨੂੰ ਕੋਈ ਲਾਭ ਨਹੀਂ ਹੋਇਆ। ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਕੁਝ ਕਦਮ ਦੁਬਾਰਾ ਚੁੱਕਣ ਦਾ ਜਤਨ ਕਰੋ, ਅਜਿਹੇ ਕਦਮ ਜਿਹੜੇ ਤੁਹਾਨੂੰ ਕਿਸੇ ਹੋਰ ਦਿਸ਼ਾ ਵਿੱਚ ਲੈ ਕੇ ਜਾਣ, ਆਤਮਹੱਤਿਆ ਦੇ ਉਨ੍ਹਾਂ ਵਿਚਾਰਾਂ ਤੋਂ ਦੂਰ ਜਿਹੜੇ ਤੁਹਾਨੂੰ ਅੰਦਰ ਹੀ ਅੰਦਰ ਖਾਈ ਜਾ ਰਹੇ ਹਨ।

ਤੁਸੀਂ ਸ਼ਾਇਦ ਕਹੋ, “ਮੈਂ ਜਾਣਦਾ ਹਾਂ ਕਿ ਮੈਂ ਅਜਿਹਾ ਕਿਉਂ ਕਰ ਰਿਹਾ ਹਾਂ। ਮੈਂ ਵਿਫਲ ਰਿਹਾ ਹਾਂ। ਮੈਂ ਕਰਜ਼ੇ ਹੇਠ ਹਾਂ। ਮੇਰੇ ਜੀਵਨਸਾਥੀ ਨੇ ਮੈਨੂੰ ਛੱਡ ਦਿੱਤਾ ਹੈ। ਮੇਰਾ ਕੋਈ ਪਿਆਰਾ ਇਸ ਦੁਨੀਆ ਤੋਂ ਚਲਾਣਾ ਕਰ ਗਿਆ ਹੈ। ਮੈਂ ਬੇਰੋਜਗਾਰ ਹਾਂ। ਮੈਂ ਇਕੱਲਾ ਹਾਂ। ਮੈਂ ________________ ਹਾਂ (ਤੁਸੀਂ ਇਸ ਖਾਲੀ ਸਥਾਨ ਨੂੰ ਜਿਵੇਂ ਚਾਹੇ ਭਰ ਸਕਦੇ ਹੋ)।” ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਭਾਵੇਂ ਤੁਹਾਡੇ ਜੀਵਨ ਵਿੱਚ ਕਿੰਨੀਆਂ ਵੀ ਸਮੱਸਿਆਵਾਂ ਅਤੇ ਕਿੰਨੇ ਵੀ ਸੰਘਰਸ਼ ਹੋਣ, ਤਾਂ ਵੀ ਇਸ ਗੱਲ ਦੀ ਸੰਭਾਵਨਾ ਬਹੁਤ ਹੈ ਕਿ ਤੁਹਾਡੇ ਸਰੀਰ ਦੀਆਂ ਨਸਾਂ ਦੇ ਤੰਤੂ ਪ੍ਰਬੰਧ ਵਿੱਚ ਰਸਾਇਣਾਂ ਦੀ ਕਮੀ ਦੀ ਸਮੱਸਿਆ ਵੀ ਮੌਜੂਦ ਹੈ। ਤੁਹਾਡੇ ਡਿਪਰੈਸ਼ਨ ਦਾ ਇੱਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ।

ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਸੀਂ ਡਿਪਰੈਸ਼ਨ ਵਿੱਚ ਹੋ।

ਡਿਪਰੈਸ਼ਨ ਵਿੱਚ ਜੀ ਰਹੇ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਨਸਾਂ ਦੇ ਤੰਤੂ ਪ੍ਰਬੰਧ ਵਿੱਚ ਹੋਣ ਵਾਲੀ ਰਸਾਇਣਾਂ ਦੀ ਘਾਟ ਵੀ ਡਿਪਰੈਸ਼ਨ ਦਾ ਇੱਕ ਕਾਰਨ ਹੋ ਸਕਦੀ ਹੈ। ਵਿਸ਼ਵ ਪ੍ਰਸਿੱਧ Mayo Clinic ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਇੱਕ ਲੇਖ ਵਿੱਚ ਆਖਿਆ ਗਿਆ ਹੈ ਕਿ “ਤਜਰਬੇਕਾਰਾਂ ਦੀ ਮਾਨਤਾ ਹੈ ਕਿ ਜੇਨੇਟਿਕ ਨਿਰਬਲਤਾ ਅਤੇ ਵਾਤਾਵਰਣਕ ਕਾਰਨਾਂ, ਜਿਵੇਂ ਕਿ ਤਣਾਅ ਜਾਂ ਕੋਈ ਸਰੀਰਕ ਰੋਗ, ਦੇ ਮੇਲ ਨਾਲ ਦਿਮਾਗ ਦੇ ਤੰਤੂ-ਸੰਚਾਰਕਾਂ (ਨਿਉਰੋਟ੍ਰਾਂਸਮਿਟਰ) ਵਿੱਚ ਅਸੰਤੂਲਨ ਪੈਦਾ ਹੋ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਡਿਪਰੈਸ਼ਨ ਆ ਸਕਦਾ ਹੈ। ਤਿੰਨ ਤੰਤੂ-ਸੰਚਾਰਕਾਂ—ਸਿਰੋਟੋਨਿਨ, ਨੋਰਏਪੀਨੇਫ੍ਰੀਨ ਅਤੇ ਡੋਪਾਮੀਨ—ਵਿਚਲਾ ਅਸੰਤੂਲਨ ਡਿਪਰੈਸ਼ਨ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ।”

ਇਹ ਰਸਾਇਣ ਲੋਕਾਂ ਨੂੰ ਧਿਆਨ ਲਗਾਉਣ, ਮਨੋਦਸ਼ਾ ਨੂੰ ਸੁਧਾਰਨ ਅਤੇ ਤਾਕਤ ਵਧਾਉਣ ਵਿੱਚ ਮਦਦ ਕਰਦੇ ਹਨ। ਕਸਰਤ ਕਰਨ ਅਤੇ ਆਤਮਕ ਜੀਵਨ ਵਿੱਚ ਵਧਣ ਵਰਗੇ ਸੁਭਾਵਕ ਤਰੀਕਿਆਂ ਦੇ ਨਾਲ-ਨਾਲ ਦਵਾਈਆਂ ਵੀ ਇਨ੍ਹਾਂ ਤੰਤੂ ਰਸਾਇਣਾਂ ਨੂੰ ਵਧਾਉਣ ਵਿੱਚ ਮਦਦ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਤੁਹਾਨੂੰ ਹੋਰਨਾਂ ਮਸਲਿਆਂ ਨਾਲ ਵੀ ਨਜਿੱਠਣਾ ਪਵੇਗਾ, ਜਿਵੇਂ ਕਿ ਮੌਤ ਜਾਂ ਤਲਾਕ ਦੇ ਕਾਰਨ ਕਿਸੇ ਪਿਆਰੇ ਦਾ ਚਲੇ ਜਾਣਾ, ਆਪਣੇ ਆਪ ਲਈ ਹੀਣ ਭਾਵਨਾ, ਦੋਸ਼ ਭਾਵਨਾ, ਨਰਾਜ਼ਗੀ, ਗੁੱਸਾ, ਜਾਂ ਅਤੀਤ ਵਿੱਚ ਹੋਇਆ ਸਰੀਰਕ ਸ਼ੋਸ਼ਣ। ਇਨ੍ਹਾਂ ਸੰਕਟਾਂ ਅਤੇ ਨੁਕਸਾਨਾਂ ਨਾਲ ਨਜਿੱਠਣਾ, ਇਨ੍ਹਾਂ ਬਾਰੇ ਸੋਗ ਕਰਨਾ ਅਤੇ ਇਨ੍ਹਾਂ ਨੂੰ ਆਪਣਿਆਂ ਮਨਾਂ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੈ।

ਕੀ ਤੁਸੀਂ ਡਿਪਰੈਸ਼ਨ ਲਈ ਸਲਾਹ ਲੈ ਚੁੱਕੇ ਹੋ ਅਤੇ ਇਸ ਦਾ ਇਲਾਜ ਕਰਵਾ ਚੁੱਕੇ ਹੋ? ਜੇਕਰ ਨਹੀਂ, ਤਾਂ ਮਦਦ ਲਈ ਆਪਣੇ ਪਰਿਵਾਰਕ ਡਾਕਟਰ ਕੋਲ ਜਾਂ ਕਿਸੇ ਮਨੋਵਿਗਿਆਨੀ ਕੋਲ ਜਾਂ ਫਿਰ ਨੇੜੇ ਦੇ ਕਿਸੇ ਐਮਰਜੈਂਸੀ ਕੇਂਦਰ ਵਿੱਚ ਤੁਰੰਤ ਜਾਓ। ਤੁਸੀਂ Rapha ਦੀ ਹੌਟਲਾਈਨ 1-800-383-4673 ’ਤੇ ਫੋਨ ਕਰ ਸਕਦੇ ਹੋ ਅਤੇ ਫੋਨ ’ਤੇ ਹੀ ਜਾਇਜ਼ਾ ਕਰਵਾ ਕੇ ਕਿਸੇ ਸਲਾਹਕਾਰ ਦਾ ਪਤਾ ਲੈ ਸਕਦੇ ਹੋ। ਕਨੇਡਾ ਅਤੇ ਅੰਤਰਰਾਸ਼ਟਰੀ ਹੌਟਲਾਈਨਾਂ ਲਈ ਇਸ ਪੇਜ ਵਿੱਚ ਉੱਪਰ ਵੇਖੋ ਜਾਂ ਆਪਣੇ ਸਥਾਨਕ ਸੰਸਾਧਨਾ ਵਿੱਚ ਖੋਜ ਕਰੋ। ਕਿਰਪਾ ਕਰਕੇ ਅਜਿਹਾ ਤੁਰੰਤ ਕਰੋ!

ਜੇਕਰ ਇਸ ਵੇਲੇ ਤੁਸੀਂ ਕਿਸੇ ਸਲਾਹਕਾਰ ਤੋਂ ਸਲਾਹ ਲੈ ਰਹੇ ਹੋ ਤਾਂ ਤੁਹਾਨੂੰ ਆਪਣੇ ਡਾਕਟਰ ਅਤੇ/ਜਾਂ ਮਨੋਵਿਗਿਆਨੀ ਨੂੰ ਦੱਸਣ ਦੀ ਲੋੜ ਹੈ ਕਿ ਤੁਹਾਨੂੰ ਆਤਮਹੱਤਿਆ ਅਤੇ ਆਪਣੀ ਜ਼ਿੰਦਗੀ ਖਤਮ ਕਰਨ ਦੇ ਵਿਚਾਰਾਂ ਬਾਰੇ ਮਦਦ ਦੀ ਲੋੜ ਹੈ। ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਕਿਸੇ ਮਿੱਤਰ ਨੂੰ ਆਪਣੇ ਨਾਲ ਲੈ ਕੇ ਜਾਓ।

ਡਿਪਰੈਸ਼ਨ ਨੂੰ ਸਮਝਣਾ ਅਤੇ ਆਪਣੇ ਜਜ਼ਬਾਤਾਂ ਨੂੰ ਚੁਣੌਤੀ ਦੇਣਾ

ਤੁਹਾਡੇ ਜਜ਼ਬਾਤਾਂ ਅਤੇ ਡਿਪਰੈਸ਼ਨ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਜਜ਼ਬਾਤ ਵਿਹਾਰਕ ਸੱਚਾਈਆਂ ਨਹੀਂ ਹਨ। ਜਜ਼ਬਾਤ ਤਾਂ ਵਿਅਕਤੀਗਤ ਸੋਚ ਦੇ ਸੰਕੇਤਕ ਹਨ ਅਤੇ ਤੁਹਾਨੂੰ ਉਨ੍ਹਾਂ ਵਿਚਾਰਾਂ ਉੱਤੇ ਗੌਰ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਤੁਸੀਂ ਆਪਣੇ ਮਨ ਵਿੱਚ ਥਾਂ ਦਿੰਦੇ ਆਏ ਹੋ ਜੋ ਤੁਹਾਨੂੰ ਆਤਮਹੱਤਿਆ ਦੇ ਇਰਾਦੇ ਤਕ ਲੈ ਆਏ ਹਨ। ਆਪਣੇ ਹੱਥੀਂ ਆਪਣੀ ਜਾਨ ਲੈ ਲੈਣ ਦਾ ਅਰਥ ਹੈ ਕਿ ਤੁਸੀਂ ਜ਼ਿੰਦਗੀ ਬਾਰੇ ਅਤੇ ਭਵਿੱਖ ਬਾਰੇ ਝੂਠ ਉੱਤੇ ਯਕੀਨ ਕਰ ਲਿਆ ਹੈ। ਅਤੀਤ ਵਿੱਚ ਵੀ ਕਈ ਲੋਕਾਂ ਨੇ ਡਿਪਰੈਸ਼ਨ ਨੂੰ ਲੈ ਕੇ ਸੰਘਰਸ਼ ਕੀਤਾ ਹੈ ਪਰ ਉਨ੍ਹਾਂ ਨੇ ਨਾ ਤਾਂ ਆਪਣੇ ਜਜ਼ਬਾਤਾਂ ਉੱਤੇ ਭਰੋਸਾ ਕੀਤਾ ਅਤੇ ਨਾ ਹੀ ਉਨ੍ਹਾਂ ਅੱਗੇ ਗੋਡੇ ਟੇਕੇ। ਉਨ੍ਹਾਂ ਵਿੱਚ ਅਗਾਂਹ ਵਧਦੇ ਰਹਿਣ ਦੀ ਦਿਲੇਰੀ ਸੀ, ਇਹ ਯਕੀਨ ਕਰਨ ਦੀ ਦਿਲੇਰੀ ਕਿ ਉਨ੍ਹਾਂ ਦਾ ਭਵਿੱਖ ਉੱਜਲ ਅਤੇ ਜ਼ਿੰਦਗੀ ਬਿਹਤਰ ਹੋ ਸਕਦੀ ਹੈ।

ਮਾਰਟਿਨ ਲੂਥਰ ਨੇ ਆਪਣੇ ਅੰਦਰ ਬਾਰ-ਬਾਰ ਉੱਠਣ ਵਾਲੇ ਮਿਜ਼ਾਜਾਂ ਨੂੰ ਇਨ੍ਹਾਂ ਸਜੀਵ ਸ਼ਬਦਾਂ ਵਿੱਚ ਬਿਆਨ ਕੀਤਾ: “ਇੱਕ ਹਫਤੇ ਤੋਂ ਵੀ ਵਧੇਰੇ ਸਮਾਂ ਮੈਂ ਮੌਤ ਅਤੇ ਨਰਕ ਦੇ ਦੁਆਰ ਨੇੜੇ ਸਾਂ। ਮੇਰਾ ਅੰਗ-ਅੰਗ ਕੰਬ ਰਿਹਾ ਸੀ। ਅਜਿਹਾ ਜਾਪਦਾ ਸੀ ਕਿ ਮਸੀਹ ਮੈਨੂੰ ਤਿਆਗ ਚੁੱਕਾ ਹੈ। ਲਾਚਾਰੀ ਅਤੇ ਪਰਮੇਸ਼ੁਰ-ਨਿੰਦਿਆ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਸੀ” (ਹਿਯਰ ਆਈ ਸਟੈਂਡ, ਅਬਿੰਗਟਨ ਪ੍ਰੈਸ)।

ਡੌਨ ਬੇਕਰ ਨਾਮ ਦੇ ਇੱਕ ਪਾਸਬਾਨ ਅਤੇ ਲੇਖਕ ਨੇ ਡਿਪਰੈਸ਼ਨ ਦੇ ਨਾਲ ਆਪਣੇ ਤਜਰਬੇ ਬਾਰੇ ਇਸ ਤਰ੍ਹਾਂ ਲਿਖਿਆ: “ਅਜਿਹਾ ਜਾਪ ਰਿਹਾ ਸੀ ਕਿ ਮੈਂ ਅਸਲੀਅਤ ਤੋਂ ਦੂਰ ਹੋ ਚੁੱਕਾ ਸਾਂ। ਜ਼ਿੰਦਗੀ ਧੁੰਧਲੀ ਅਤੇ ਕੇਂਦਰ ਤੋਂ ਦੂਰ ਹੋ ਚੁੱਕੀ ਸੀ। ਮੇਰੀ ਜ਼ਿੰਦਗੀ ਢੋਂਗ ਅਤੇ ਕਲਪਨਾ ਤੋਂ ਵਧੇਰੇ ਹੋਰ ਕੁਝ ਵੀ ਪ੍ਰਤੀਤ ਨਹੀਂ ਹੋ ਰਹੀ ਸੀ। ਮੈਂ ਮਹਿਸੂਸ ਕੀਤਾ ਕਿ ਕਿਸੇ ਨੂੰ ਵੀ ਮੇਰੀ ਪਰਵਾਹ ਨਹੀਂ ਸੀ, ਪਰਮੇਸ਼ੁਰ ਨੂੰ ਵੀ ਨਹੀਂ। ਕਦੇ-ਕਦੇ ਤਾਂ ਇੱਕਮਾਤਰ ਸਮਾਧਾਨ ਆਤਮਹੱਤਿਆ ਪ੍ਰਤੀਤ ਹੋ ਰਿਹਾ ਸੀ . . .”

ਇਹ ਲੋਕ ਆਪਣੇ ਜਜ਼ਬਾਤਾਂ ਦੇ ਮਗਰ ਨਹੀਂ ਲੱਗੇ। ਇਨ੍ਹਾਂ ਨੇ ਮਾਯੂਸੀ ਭਰੇ ਵਿਚਾਰਾਂ ਨੂੰ ਰੱਦ ਦਿੱਤਾ ਅਤੇ ਅਗਾਂਹ ਵਧ ਗਏ। ਇਹ ਲੋਕ ਹਾਰ ਦੇ ਜਜ਼ਬਾਤਾਂ ਅਤੇ ਰੁਕਾਵਟਾਂ ਉੱਤੇ ਜੇਤੂ ਹੋ ਸਕੇ। ਤੁਹਾਨੂੰ ਵੀ ਆਪਣੇ ਨਕਾਰਾਤਮਕ ਜਜ਼ਬਾਤਾਂ ਅਤੇ ਵਿਚਾਰਾਂ ਦੇ ਮਗਰ ਲੱਗ ਕੇ ਭਟਕਣ ਦੀ ਲੋੜ ਨਹੀਂ ਹੈ।

ਅਜਿਹੀ ਸੋਚ ਨੂੰ ਚੁਣੌਤੀ ਦੇਣ ਦਾ ਸਮਾਂ ਆ ਗਿਆ ਹੈ। ਆਪਣੇ ਜੀਵਨ ਨੂੰ ਤੰਦਰੁਸਤ ਨਜ਼ਰੀਏ ਨਾਲ ਵੇਖਣ ਦਾ ਸਮਾਂ ਆ ਗਿਆ ਹੈ। ਤੁਸੀਂ ਇੱਕ ਮੁੱਲਵਾਨ ਵਿਅਕਤੀ ਹੋ। ਤੁਸੀਂ ਮਹੱਤਵਪੂਰਣ ਹੋ ਅਤੇ ਤੁਸੀਂ ਆਪਣੀ ਸੋਚ ਤੇ ਵਿਹਾਰ ਨੂੰ ਬਦਲ ਸਕਦੇ ਹੋ ਅਤੇ ਆਪਣੇ ਜੀਵਨ ਨੂੰ ਸੁਧਾਰ ਸਕਦੇ ਹੋ! ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਤੁਸੀਂ ਪਰਮੇਸ਼ੁਰ ਨੂੰ ਵੀ ਇੱਕ ਮੌਕਾ ਦਓ ਕਿ ਉਹ ਵੀ ਤੁਹਾਨੂੰ ਆਸ ਦੇਵੇ। ਪਰਮੇਸ਼ੁਰ ਵੱਲ ਮੁੜੋ ਅਤੇ ਉਸ ਤੋਂ ਮਦਦ ਤੇ ਮਾਰਗਦਰਸ਼ਨ ਮੰਗੋ। ਕਿਉਂ ਨਾ ਪਤਾ ਕਰੀਏ ਕਿ ਉਹ ਕੀ ਕਰ ਸਕਦਾ ਹੈ?! ਮੈਂ ਆਪਣੀ ਅੱਖੀਂ ਵੇਖਿਆ ਹੈ ਕਿ ਕਿਵੇਂ ਉਸ ਨੇ ਜ਼ਿੰਦਗੀਆਂ ਨੂੰ ਬਦਲਿਆ ਹੈ, ਨਿਰਾਸ਼ਾ ਵਿੱਚ ਪਏ ਲੋਕਾਂ ਨੂੰ ਉਤਾਂਹ ਚੁੱਕਿਆ ਹੈ ਅਤੇ ਹਾਰ ਚੁੱਕੇ ਲੋਕਾਂ ਨੂੰ ਆਸ ਦਿੱਤੀ ਹੈ।

ਆਪਣੇ ਆਪ ਤੋਂ ਪੁੱਛੋ:

  1. ਮੇਰੇ ਡਿਪਰੈਸ਼ਨ ਹੇਠ ਕਿਹੜੇ ਜਜ਼ਬਾਤ ਹਨ?
  2. ਕੀ ਮੈਂ ਆਪਣੇ ਆਪ ਲਈ ਹੀਣ ਭਾਵਨਾ ਤੋਂ ਗ੍ਰਸਤ ਹਾਂ?
  3. ਕੀ ਮੇਰੇ ਅੰਦਰ ਦੋਸ਼ ਭਾਵਨਾ ਹੈ?
  4. ਕੀ ਮੇਰੇ ਸੰਬੰਧਾਂ ਵਿੱਚ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਹੋ ਰਹੇ ਹਨ?
  5. ਕੀ ਮੈਨੂੰ ਕਿਸੇ ਗੱਲ ਦਾ ਡਰ ਸਤਾ ਰਿਹਾ ਹੈ?
  6. ਕੀ ਮੈਂ ਕਿਸੇ ਨੁਕਸਾਨ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹਾਂ?
  7. ਕਿਸ ਤਰ੍ਹਾਂ ਦੇ ਵਿਚਾਰ ਮੇਰੇ ਮਨ ਵਿੱਚ ਹਾਵੀ ਰਹਿੰਦੇ ਹਨ?
  8. ਪਰਮੇਸ਼ੁਰ ਨੂੰ ਜਾਣਨ ਲਈ ਮੈਂ ਕਿਹੜੇ ਕਦਮ ਚੁੱਕ ਸਕਦਾ ਹਾਂ?

ਪਰਮੇਸ਼ੁਰ ਨੂੰ ਕਹੋ ਕਿ ਉਹ ਇਹ ਗੱਲਾਂ ਤੁਹਾਡੇ ਉੱਤੇ ਉਜਾਗਰ ਕਰੇ। ਫਿਰ, ਪ੍ਰਾਰਥਨਾ ਕਰਦਿਆਂ ਉਸ ਨੂੰ ਕਹੋ ਕਿ ਉਹ ਤੁਹਾਡੀ ਮਦਦ ਕਰੇ ਅਤੇ ਤੁਹਾਡੀ ਜ਼ਿੰਦਗੀ ਨੂੰ ਅੰਦਰੋਂ ਬਦਲ ਦੇਵੇ। ਹਾਰ ਨਾ ਮੰਨੋ! ਬੁਜ਼ਦਿਲ ਨਾ ਬਣੋ! ਇਸੇ ਵੇਲੇ ਕਿਸੇ ਵਿਅਕਤੀ ਨਾਲ ਵਾਇਦਾ ਕਰੋ ਕਿ ਤੁਸੀਂ ਆਤਮਹੱਤਿਆ ਨਹੀਂ ਕਰੋਗੇ।

ਆਸਹੀਣਤਾ ਤੋਂ ਅਗਾਂਹ ਵਧਣਾ

ਆਮ ਤੌਰ ’ਤੇ ਡਿਪਰੈਸ਼ਨ ਵਿੱਚ ਪਏ ਹੋਏ ਲੋਕ ਉਹ ਨਹੀਂ ਕਰਦੇ ਜਿਸ ਤੋਂ ਉਨ੍ਹਾਂ ਨੂੰ ਚੰਗਾ ਮਹਿਸੂਸ ਹੋ ਸਕਦਾ ਹੈ। ਤੁਹਾਨੂੰ ਡਿਪਰੈਸ਼ਨ ਨਾਲ ਲੜਣਾ ਪਵੇਗਾ ਅਤੇ ਅਗਾਂਹ ਵਧਣਾ ਪਵੇਗਾ। ਆਪਣੇ ਜਜ਼ਬਾਤਾਂ, ਆਪਣੀ ਜ਼ਿੰਦਗੀ ਬਾਰੇ ਕਿਸੇ ਨਾਲ ਗੱਲ ਕਰੋ। ਆਪਣੇ ਜਜ਼ਬਾਤਾਂ ਨੂੰ ਕਿਸੇ ਦੇ ਸਾਹਮਣੇ ਰੱਖ ਦੇਣ ਨਾਲ ਬਹੁਤ ਫਾਇਦਾ ਹੁੰਦਾ ਹੈ। ਕਿਸੇ ਨਾਲ, ਖਾਸ ਕਰਕੇ ਕਿਸੇ ਸਲਾਹਕਾਰ ਦੇ ਨਾਲ, ਮਿਲ ਕੇ ਇਹ ਪਤਾ ਕਰਨ ਨਾਲ ਕਿ ਤੁਹਾਡੇ ਜਜ਼ਬਾਤਾਂ ਦੀ ਜੜ੍ਹ ਕੀ ਹੈ, ਤੁਹਾਡੀ ਸਮੱਸਿਆ ਦੇ ਸਮਾਧਾਨ ਦਾ ਅਰੰਭ ਹੋ ਸਕਦਾ ਹੈ।

ਆਪਣੀ ਸਰੀਰਕ ਜਾਂਚ ਲਈ ਆਪਣੇ ਡਾਕਟਰ ਨੂੰ ਮਿਲਣ ਅਤੇ ਆਪਣੇ ਡਿਪਰੈਸ਼ਨ ਬਾਰੇ ਉਸ ਨੂੰ ਦੱਸਣ ਨਾਲ ਤੁਹਾਡੇ ਸਰੀਰਕ ਕਾਰਕਾਂ ਦਾ ਇਲਾਜ ਵੀ ਹੋ ਸਕਦਾ ਹੈ। ਸ਼ਾਇਦ ਤੁਹਾਨੂੰ ਡਿਪਰੈਸ਼ਨ ਦੂਰ ਕਰਨ ਦੀ ਗੋਲੀ (ਐਂਟੀ-ਡਿਪਰੈਸੈਂਟ) ਵੀ ਲੈਣੀ ਪੈ ਸਕਦੀ ਹੈ। ਰੋਜਾਨਾ ਕਸਰਤ ਅਤੇ ਉਚਿੱਤ ਭੋਜਨ ਬਹੁਤ ਮਦਦਗਾਰ ਹਨ ਅਤੇ ਉਨ੍ਹਾਂ ਤੰਤੂ ਰਸਾਇਣਾਂ ਵਿੱਚ ਵੀ ਵਾਧਾ ਕਰ ਸਕਦੇ ਹਨ ਜਿਨ੍ਹਾਂ ਦੀ ਘਾਟ ਤੁਹਾਡੇ ਸਰੀਰ ਨੂੰ ਪਰੇਸ਼ਾਨ ਕਰ ਰਹੀ ਹੈ।

ਸਨੇਹੀ ਲੋਕਾਂ, ਮਿੱਤਰਾਂ, ਪਰਮੇਸ਼ੁਰ, ਆਪਣੇ ਪਰਿਵਾਰ ਅਤੇ ਚਰਚ ਦੇ ਮੈਂਬਰਾਂ ਦੇ ਨਾਲ ਵਧੀਆ ਸਮਾਂ ਬਤੀਤ ਕਰਨ ਨਾਲ ਤੁਹਾਨੂੰ ਰਿਸ਼ਤਿਆਂ ਦੀ ਭਾਵਨਾ ਪ੍ਰਾਪਤ ਹੋਵੇਗੀ ਅਤੇ ਜੀਵਨ ਵਿੱਚ ਦੁਬਾਰਾ ਸਾਰਥਕਤਾ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

ਅਰੰਭ ਕਿੱਥੋਂ ਕਰੀਏ: ਤੁਸੀਂ ਇਹ ਲੇਖ ਪੜ੍ਹ ਲਿਆ ਹੈ। ਕੀ ਹੁਣ ਤੁਸੀਂ ਜ਼ਿੰਦਗੀ ਵੱਲ ਕਦਮ ਚੁੱਕਣ ਬਾਰੇ ਵਿਚਾਰ ਕਰੋਗੇ? ਆਪਣੀ ਜ਼ਿੰਦਗੀ ਦੀ ਮੁੜ ਉਸਾਰੀ ਕਰਨ ਵੱਲ ਕਦਮ? ਮਦਦ ਮੰਗਣ ਲਈ ਕਦਮ? ਉਹ ਸਾਰੇ ਝੂਠ ਰੱਦ ਦਿਓ ਜਿਹੜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਆਏ ਹੋ। ਅਜਿਹੇ ਝੂਠ ਕਿ ਜ਼ਿੰਦਗੀ ਆਸਹੀਣ ਹੈ, ਕਿ ਤੁਸੀਂ ਨਿਕੰਮੇ ਹੋ, ਕਿ ਤੁਹਾਡਾ ਕੋਈ ਭਵਿੱਖ ਨਹੀਂ ਹੈ।

ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਜ਼ਿੰਦਗੀ ਲਈ ਇੱਕ ਆਸ ਅਤੇ ਇੱਕ ਭਵਿੱਖ ਮੌਜੂਦ ਹੈ। ਮੈਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਹੈ ਕਿ ਉਨ੍ਹਾਂ ਨੇ ਮਦਦ ਕਬੂਲ ਕੀਤੀ ਅਤੇ ਹੁਣ ਇੱਕ ਬਿਹਤਰ ਜ਼ਿੰਦਗੀ ਦਾ ਅਨੰਦ ਮਾਣ ਰਹੇ ਹਨ!

ਆਪਣੀ ਸਥਾਨਕ ਹੌਟਲਾਈਨ ਉੱਤੇ ਫੋਨ ਕਰੋ (ਪੇਜ ਵਿੱਚ ਉੱਪਰ ਵੇਖੋ)। ਉਨ੍ਹਾਂ ਗੱਲਾਂ ਦੀ ਸੂਚੀ ਬਣਾਓ ਜਿਹੜੀਆਂ ਇੱਕ ਨਵੀਂ ਸ਼ੁਰੂਆਤ ਕਰਨ ਵਿੱਚ ਤੁਹਾਡੀ ਮਦਦ ਕਰਨਗੀਆਂ।

ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਆਤਮਹੱਤਿਆ ਦੇ ਵਿਚਾਰਾਂ ਤੋਂ ਬਾਹਰ ਕੱਢ ਸਕੀ ਹਾਂ। ਕਿਰਪਾ ਕਰਕੇ ਮਦਦ ਲਈ ਕਿਸੇ ਨੂੰ ਸੰਪਰਕ ਕਰੋ, ਜਾਂ ਇਸ ਸਾਈਟ ਉੱਤੇ ਕਿਸੇ ਸਲਾਹਕਾਰ ਨਾਲ ਜੁੜ ਜਾਓ।. ਆਪਣੇ ਪਾਸਬਾਨ, ਸਲਾਹਕਾਰ, ਮਿੱਤਰ, ਡਾਕਟਰ ਨੂੰ ਫੋਨ ਕਰੋ। ਜ਼ਿੰਦਗੀ ਅਤੇ ਆਸ ਵੱਲ ਇਸੇ ਵੇਲੇ ਕਦਮ ਚੁੱਕੋ।

ਇਹ ਲੇਖ, “ਜ਼ਿੰਦਗੀ ਨੂੰ ਇੱਕ ਹੋਰ ਮੌਕਾ ਦਿਓ,” Lynette J. Hoy ਨੇ ਲਿਖਿਆ ਹੈ।