ਮ੍ਰਿਤ ਵਿਆਹੁਤਾ ਜੀਵਨ ਵਿੱਚ ਕੈਦ

ਆਪਣੇ ਵਿਆਹੁਤਾ ਜੀਵਨ ਵਿੱਚ ਮੈਨੂੰ ਇਕੱਲਿਆਂ ਛੱਡ ਦਿੱਤਾ ਗਿਆ। ਮੇਰਾ ਪਤੀ ਇਹ ਨਹੀਂ ਜਾਣਦਾ ਸੀ ਕਿ ਉਹ ਮੇਰੇ ਜਜ਼ਬਾਤਾਂ ਨੂੰ ਕਿਵੇਂ ਸਮਝੇ ਜਾਂ ਮੇਰਾ ਸਾਥ ਕਿਵੇਂ ਦੇਵੇ। ਸੱਤ ਸਾਲ ਦੀ ਦੋਸਤੀ ਅਤੇ 13 ਸਾਲ ਦੇ ਵਿਆਹੁਤਾ ਜੀਵਨ ਤੋਂ ਬਾਅਦ ਅਸੀਂ ਹੌਲੀ-ਹੌਲੀ ਇੱਕ ਦੂਜੇ ਲਈ ਅਜਨਬੀ ਬਣ ਗਏ—ਇੱਥੋਂ ਤਕ ਕਿ ਆਪਸੀ ਸਮਝ ਖਤਮ ਹੋ ਗਈ ਅਤੇ ਸਾਡੇ ਵਿੱਚ ਰਿਸ਼ਤੇ ਦਾ ਸ਼ਾਇਦ ਹੀ ਕੋਈ ਚਿੰਨ੍ਹ ਬਾਕੀ ਰਹਿ ਗਿਆ।

ਮੈਂ ਚਾਹੁੰਦੀ ਸਾਂ ਕਿ ਉਹ ਮੈਨੂੰ ਸੁਣੇ, ਮੈਨੂੰ ਦਿਖਾਵੇ ਕਿ ਉਹ ਮੇਰੇ ਜਜ਼ਬਾਤਾਂ ਦੀ ਕਦਰ ਕਰਦਾ ਹੈ ਅਤੇ ਗੌਰ ਕਰੇ ਕਿ ਮੈਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਸਾਂ। ਪਰ ਉਹ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੁੰਦਾ ਸੀ। ਘਰੋਂ ਬਾਹਰ ਉਹ ਸਾਰਿਆਂ ਦਾ “ਬੜਾ ਚੰਗਾ ਮਿੱਤਰ” ਸੀ, ਪਰ ਕਈ ਵਰ੍ਹਿਆਂ ਤੋਂ ਮੈਂ ਮਹਿਸੂਸ ਕਰ ਰਹੀ ਸਾਂ ਕਿ ਹਰ ਖੇਤਰ ਵਿੱਚ ਮੇਰਾ ਦੂਜਾ ਥਾਂ ਹੀ ਹੁੰਦਾ ਸੀ। ਮੈਂ ਇਹੋ ਸੋਚਦੀ ਰਹਿੰਦੀ ਸਾਂ ਕਿ ਕਾਸ਼ ਉਹ ਮੇਰਾ ਵੀ ਚੰਗਾ ਮਿੱਤਰ ਬਣਨ ਦੀ ਇੱਛਾ ਰੱਖੇ। ਜਦ ਮੈਂ ਆਪਣੇ ਜਜ਼ਬਾਤ ਉਸ ਨੂੰ ਦੱਸਦੀ ਤਾਂ ਉਹ ਮੇਰੇ ਜਜ਼ਬਾਤਾਂ ਨੂੰ ਇਵੇਂ ਰੱਦ ਦਿੰਦਾ ਸੀ ਜਿਵੇਂ ਕਿ ਇਨ੍ਹਾਂ ਵਿੱਚ ਕੋਈ ਅਸਲੀਅਤ ਹੈ ਹੀ ਨਹੀਂ। ਇੱਕੋ ਛੱਤ ਹੇਠ ਰਹਿੰਦਿਆਂ ਵੀ ਅਸੀਂ ਇੱਕ ਦੂਜੇ ਲਈ ਅਜਨਬੀ ਬਣ ਗਏ ਸਾਂ ਅਤੇ ਕਦੇ-ਕਦੇ ਹੀ ਇੱਕ ਦੂਜੇ ਨਾਲ ਗੱਲ ਕਰਦੇ ਸਾਂ। ਅਤੇ ਜਦ ਕਦੇ ਗੱਲ ਕਰ ਵੀ ਲੈਂਦੇ ਸਾਂ ਤਾਂ ਉਸ ਦਾ ਅੰਤ ਬਹਿਸ ਨਾਲ ਹੀ ਹੁੰਦਾ ਸੀ। ਇੱਥੋਂ ਤੱਕ ਕਿ ਅਸੀਂ ਸੌਂਦੇ ਵੀ ਵੱਖ-ਵੱਖ ਕਮਰਿਆਂ ਵਿੱਚ ਸਾਂ ਕਿਉਂਕਿ ਉਹ ਮੇਰੇ ਨੇੜੇ ਵੀ ਨਹੀਂ ਰਹਿਣਾ ਚਾਹੁੰਦਾ ਸੀ।

ਮੇਰਾ ਪਤੀ ਮੇਰੇ ਨਾਲ ਰਹਿੰਦਿਆਂ ਹੋਇਆਂ ਵੀ ਮੇਰੇ ਲਈ ਅਤੇ ਸਾਡੀ ਬੇਟੀ ਲਈ ਕਦੇ ਵੀ ਉਪਲਬਧ ਨਹੀਂ ਰਹਿੰਦਾ ਸੀ। ਉਸ ਦਾ ਅਜਿਹਾ ਰੱਵਈਆ ਕਈ ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਪਰ ਮੈਂ ਇਸ ਸੱਚਾਈ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਸਾਂ। ਉਹ ਘਰੋਂ ਬਾਹਰ ਐਨਾ ਜ਼ਿਆਦਾ ਸਮਾਂ ਬਿਤਾਉਂਦਾ ਸੀ ਕਿ ਮੈਂ ਆਪਣੀ ਬੇਟੀ ਨੂੰ ਇਕੱਲਿਆਂ ਹੀ ਪਾਲ ਰਹੀ ਸਾਂ। ਲੋਕ ਉਸ ਨੂੰ ਬਹੁਤ ਪਸੰਦ ਕਰਦੇ ਸਨ—ਉਹ ਤਾਂ ਲੋਕਾਂ ਲਈ ਇੱਕ ਹੀਰੋ ਸੀ ਅਤੇ ਲੋਕ ਉਸ ਤੋਂ ਮਦਦ ਮੰਗਦੇ ਸਨ। ਪਰ ਇਹ ਗੱਲ ਉਸ ਨੂੰ ਉਸ ਦੇ ਆਪਣੇ ਪਰਿਵਾਰ ਤੋਂ ਬਹੁਤ ਦੂਰ ਲੈ ਗਈ। ਆਖਿਰਕਾਰ ਉਹ ਪਰਿਵਾਰ ਵਿੱਚ ਸਿਰਫ ਪੈਸਾ ਕਮਾਉਣ ਵਾਲੇ ਦੀ ਭੂਮਿਕਾ ਹੀ ਅਦਾ ਕਰਨ ਲੱਗਾ, ਪਰ ਮੈਂ ਤਾਂ ਚਾਹੁੰਦੀ ਸਾਂ ਕਿ ਉਹ ਮੇਰਾ ਪਤੀ ਹੋਣ ਦੇ ਨਾਲ-ਨਾਲ ਸਾਡੀ ਬੇਟੀ ਦਾ ਪਿਤਾ ਵੀ ਬਣੇ।

ਮੇਰਾ ਪਤੀ ਸ਼ਰਾਬ ਪੀਣ ਅਤੇ ਹਰ ਵੇਲੇ ਕੰਮ ਕਰਦੇ ਰਹਿਣ ਦਾ ਆਦੀ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਉਸ ਨੂੰ ਸ਼ਰਾਬ ਜ਼ਰੂਰ ਚਾਹੀਦੀ ਸੀ ਅਤੇ ਉਹ ਘਰ ਵਿੱਚ ਹਰ ਵੇਲੇ ਸ਼ਰਾਬ ਦੀਆਂ ਪੇਟੀਆਂ ਰੱਖਦਾ ਸੀ। ਸ਼ਨੀਵਾਰ ਅਤੇ ਐਤਵਾਰ ਨੂੰ ਵੀ ਉਹ ਕੰਮ ਕਰਦਾ ਰਹਿੰਦਾ ਸੀ। ਜਦ ਮੈਂ ਸ਼ਾਮ ਨੂੰ ਘਰੇ ਉਸ ਦੀ ਉਡੀਕ ਕਰ ਰਹੀ ਹੁੰਦੀ ਸਾਂ ਤਾਂ ਉਹ ਜਾਂ ਤਾਂ ਆਪਣੇ ਦਫਤਰ ਵਿੱਚ ਕੰਮ ਕਰ ਰਿਹਾ ਹੁੰਦਾ ਸੀ ਜਾਂ ਫਿਰ ਆਪਣੇ ਦੋਸਤਾਂ ਨਾਲ ਸਮਾਂ ਬਿਤਾ ਰਿਹਾ ਹੁੰਦਾ ਸੀ। ਜਦ ਉਹ ਘਰ ਆ ਜਾਂਦਾ ਸੀ ਤਾਂ ਮੇਰੇ ਨਾਲ ਸਮਾਂ ਬਿਤਾਉਣ ਦੀ ਬਜਾਇ ਉਹ ਸ਼ਰਾਬ ਪੀਂਦਾ ਰਹਿੰਦਾ ਸੀ ਅਤੇ ਅਕਸਰ ਸਵੇਰੇ ਤੜਕੇ ਤੱਕ ਆਪਣੇ ਫੋਨ ਨਾਲ ਚਿੰਬੜਿਆ ਰਹਿੰਦਾ ਸੀ। ਅਸੀਂ ਤਾਂ ਇਕੱਠਿਆਂ ਭੋਜਨ ਵੀ ਕਦੇ-ਕਦੇ ਹੀ ਕਰਦੇ ਸਾਂ। ਹਫਤੇ ਵਿੱਚ ਜ਼ਿਆਦਾਤਰ ਉਹ ਅੱਧੀ ਰਾਤ ਨੂੰ ਇੱਕ ਵਜੇ ਜਾਂ ਉਸ ਤੋਂ ਵੀ ਲੇਟ ਆਉਂਦਾ ਸੀ, ਜੋ ਮੇਰੇ ਲਈ ਇਹ ਸੰਕੇਤ ਸੀ ਕਿ ਉਹ ਖਾਣਾ ਖਾ ਕੇ ਆਇਆ ਹੈ ਅਤੇ ਮੈਂ ਉਸ ਦੀ ਉਡੀਕ ਨਾ ਕਰਿਆ ਕਰਾਂ।

ਮੈਨੂੰ ਇਹ ਜਾਣ ਕੇ ਬਹੁਤ ਵੱਡਾ ਝਟਕਾ ਲੱਗਾ ਕਿ ਸਾਡੇ ਵਿਆਹੁਤਾ ਜੀਵਨ ਵਿੱਚ ਕੁਝ ਕੁ ਵਰ੍ਹੇ ਪਹਿਲਾਂ ਉਸ ਦਾ ਕਿਸੇ ਹੋਰ ਔਰਤ ਨਾਲ ਸੰਬੰਧ ਹੋ ਗਿਆ ਹੈ।

ਉਹ ਮੈਨੂੰ ਆਖਦਾ ਹੁੰਦਾ ਸੀ ਕਿ ਉਸ ਦਾ ਮੇਰੇ ਨਾਲ ਜਜ਼ਬਾਤੀ, ਮਾਨਸਿਕ ਅਤੇ ਜਿਸਮਾਨੀ ਸੰਬੰਧ ਖਤਮ ਹੋ ਚੁੱਕਾ ਹੈ, ਪਰ ਮੈਂ ਉਸ ਦੀ ਇਸ ਗੱਲ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਮੈਨੂੰ ਇਹ ਜਾਣ ਕੇ ਬਹੁਤ ਵੱਡਾ ਝਟਕਾ ਲੱਗਾ ਕਿ ਸਾਡੇ ਵਿਆਹੁਤਾ ਜੀਵਨ ਵਿੱਚ ਕੁਝ ਕੁ ਵਰ੍ਹੇ ਪਹਿਲਾਂ ਉਸ ਦਾ ਕਿਸੇ ਹੋਰ ਔਰਤ ਨਾਲ ਸੰਬੰਧ ਹੋ ਗਿਆ ਹੈ। ਉਸ ਦੇ ਇਸ ਜਨਾਹ ਦੇ ਪ੍ਰਤੀ ਮੈਂ ਅੱਖਾਂ ਬੰਦ ਕਰ ਲਈਆਂ ਅਤੇ ਉਸ ਦੇ ਨਾਲ ਰਹਿੰਦੀ ਰਹੀ, ਹਾਲਾਂਕਿ ਮੈਂ ਜਾਣਦੀ ਸਾਂ ਕਿ ਉਸ ਦੇ ਕਿਸੇ ਹੋਰ ਔਰਤ ਨਾਲ ਜਜ਼ਬਾਤੀ ਅਤੇ ਜਿਸਮਾਨੀ ਸੰਬੰਧ ਬਣ ਚੁੱਕੇ ਸਨ। ਮੈਂ ਉਸ ਨੂੰ ਛੱਡਣਾ ਨਹੀਂ ਚਾਹੁੰਦੀ ਸਾਂ। ਮੈਂ ਪੂਰੀ ਤਰ੍ਹਾਂ ਤਿਆਗੇ ਜਾਣ ਤੋਂ ਡਰਦੀ ਸਾਂ।

ਜਦ ਮੈਂ ਇਸ ਗੱਲ ਨੂੰ ਸਵੀਕਾਰ ਕਰ ਲਿਆ ਤਾਂ ਮੈਂ ਆਪਣੇ ਆਪ ਨੂੰ ਇਕੱਲਾ ਵੀ ਕਰ ਲਿਆ। ਮੈਂ ਇਕੱਲੀ ਰਹਿਣਾ ਚਾਹੁੰਦੀ ਸਾਂ ਕਿਉਂਕਿ ਉਸ ਨੂੰ ਦੇਣ ਲਈ ਮੇਰੇ ਕੋਲ ਹੁਣ ਕੁਝ ਵੀ ਨਹੀਂ ਬਚਿਆ ਸੀ। ਮੇਰੇ ਮਨ ਅਤੇ ਮੇਰੇ ਰਿਸ਼ਤੇ ਨੂੰ ਲੈ ਕੇ ਮੇਰੇ ਅੰਦਰ ਇੱਕ ਯੁੱਧ ਚਲ ਰਿਹਾ ਸੀ। ਜੇਕਰ ਮੈਂ ਉਸ ਨਾਲ ਉਸ ਦੇ ਇਸ ਵਿਹਾਰ ਬਾਰੇ ਗੱਲ ਕਰਦੀ ਤਾਂ ਸਾਡਾ ਝਗੜਾ ਹੋ ਜਾਂਦਾ ਅਤੇ ਉਹ ਸ਼ਰਾਬ ਪੀਣਾ ਸ਼ੁਰੂ ਕਰ ਦਿੰਦਾ। ਮੈਂ ਇਹ ਸੋਚ ਕੇ ਇੱਕ ਮਨੋਵਿਗਿਆਨੀ ਕੋਲ ਵੀ ਗਈ ਕਿ ਸ਼ਾਇਦ ਮੇਰਾ ਨਰਵਸ ਬ੍ਰੇਕਡਾਉਨ ਹੋ ਜਾਵੇਗਾ। ਮੈਂ ਡਿਪਰੈਸ਼ਨ ਤੋਂ ਬਚਣ ਦੀਆਂ ਦਵਾਈਆਂ ਖਾਣ ਲੱਗ ਪਈ। ਇਸ ਦੇ ਕਾਰਨ ਮੈਂ ਅਜਿਹਾ ਮਹਿਸੂਸ ਕਰਨਾ ਅਰੰਭ ਕਰ ਦਿੱਤਾ ਕਿ ਮੈਂ ਨਿਰਾਸ਼ਾਜਨਕ ਹਾਲਤ ਵਿੱਚ ਰੋਗੀ ਅਤੇ ਇਕੱਲੀ ਹਾਂ।

ਉਸ ਨੇ ਕਦੇ ਵੀ ਗੌਰ ਨਹੀਂ ਕੀਤਾ ਕਿ ਮੇਰੇ ਨਾਲ ਕੀ ਹੋ ਰਿਹਾ ਸੀ ਕਿਉਂਕਿ ਜਾਂ ਤਾਂ ਉਹ ਬਹੁਤ ਰੁੱਝਿਆ ਰਹਿੰਦਾ ਸੀ ਜਾਂ ਫਿਰ ਕਿਤੇ ਹੋਰ ਹੁੰਦਾ ਸੀ। ਮੈਂ ਹੌਲੀ-ਹੌਲੀ ਟੁੱਟ ਰਹੀ ਸਾਂ ਕਿਉਂਕਿ ਸਾਡੇ ਮ੍ਰਿਤ ਵਿਆਹੁਤਾ ਜੀਵਨ ਵਿੱਚ ਉਹ ਆਪਣੀ ਭੂਮਿਕਾ ਨੂੰ ਨਹੀਂ ਸਿਆਣ ਰਿਹਾ ਸੀ। ਉਸ ਨੇ ਇਸ ਦਾ ਸਾਰਾ ਇਲਜ਼ਾਮ ਮੇਰੇ ਉੱਤੇ ਲਗਾ ਦਿੱਤਾ। ਜਦ ਮੈਂ ਉਸ ਨੂੰ ਵਿਆਹੁਤਾ ਜੋੜਿਆਂ ਦੇ ਲਈ ਦਿੱਤਾ ਜਾਣ ਵਾਲਾ ਸਲਾਹ-ਮਸ਼ਵਰਾ ਲੈਣ ਲਈ ਕਿਹਾ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਕਿਉਂਕਿ ਮੈਂ ਮਨੋਵਿਗਿਆਨੀ ਕੋਲ ਇਕੱਲਿਆਂ ਜਾਂਦੀ ਰਹੀ, ਇਸ ਕਰਕੇ ਉਸ ਨੇ ਪਰਿਵਾਰ ਦੇ ਮੈਂਬਰਾਂ ਅਤੇ ਮਿੱਤਰਾਂ ਨੂੰ ਆਖ ਦਿੱਤਾ ਕਿ ਮੈਨੂੰ ਕੋਈ ਦਿਮਾਗੀ ਰੋਗ ਹੋ ਗਿਆ ਹੈ।

ਕਈ ਵਰ੍ਹਿਆਂ ਤਕ ਮੈਂ ਆਪਣੇ ਆਪ ਵਿੱਚ ਹੀ ਕੈਦ ਰਹੀ।

ਪਰ ਮੈਂ ਹਿੰਮਤ ਕੀਤੀ ਅਤੇ ਆਪਣੇ ਡਿਪਰੈਸ਼ਨ ਵਿੱਚੋਂ ਇਕੱਲਿਆਂ ਹੀ ਬਾਹਰ ਆ ਗਈ। ਮੈਂ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਅਤੇ ਮਿੱਤਰਾਂ ਦੇ ਕੋਲ ਗਈ ਜਿਨ੍ਹਾਂ ਨੇ ਮੈਨੂੰ ਮੇਰੀ ਇਸ ਹਾਲਤ ਵਿੱਚ ਸਵੀਕਾਰ ਕੀਤਾ। ਮੈਂ ਸਮਾਜ ਦੇ ਚੰਗੇ ਸਮੂਹਾਂ ਦੇ ਨਾਲ ਜੁੜ ਗਈ, ਜਿਸ ਤੋਂ ਮੈਨੂੰ ਆਪਣੇ ਮ੍ਰਿਤ ਵਿਆਹੁਤਾ ਜੀਵਨ ਦੀ ਕੈਦ ਵਿੱਚੋਂ ਨਿਕਲਣ ਵਿੱਚ ਮਦਦ ਮਿਲੀ, ਜਿਸ ਦਾ ਦੋਸ਼ ਮੇਰੇ ਉੱਤੇ ਲਗਾਇਆ ਜਾ ਰਿਹਾ ਸੀ। ਮੈਂ ਸਿਆਣ ਲਿਆ ਕਿ ਜਿਸ ਸ਼ਰਤ-ਰਹਿਤ ਪ੍ਰੇਮ ਅਤੇ ਪਰਵਾਨਗੀ ਦੀ ਮੈਨੂੰ ਲੋੜ ਸੀ ਉਸ ਦੇ ਲਈ ਮੈਨੂੰ ਪਰਮੇਸ਼ੁਰ ਵੱਲ ਮੁੜਣਾ ਚਾਹੀਦਾ ਹੈ।

ਕਈ ਵਰ੍ਹਿਆਂ ਤਕ ਮੈਂ ਆਪਣੇ ਆਪ ਵਿੱਚ ਹੀ ਕੈਦ ਰਹੀ। ਮੇਰਾ ਬਹੁਤ ਜ਼ਿਆਦਾ ਜਜ਼ਬਾਤੀ ਨੁਕਸਾਨ ਹੋ ਚੁੱਕਾ ਸੀ, ਅਤੇ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੁਆਰਾ ਅਤੇ ਆਪਣੇ ਆਪ ਵਿੱਚ ਨਵੇਂ ਜੀਵਨ ਦਾ ਸੰਚਾਰ ਨਾ ਹੋਣ ਦੇਣ ਦੁਆਰਾ ਮੈਂ ਆਪਣੇ ਜੀਵਨ ਦਾ ਇਹ ਸਾਰਾ ਤਣਾਅ ਇਕੱਲਿਆਂ ਹੀ ਚੁੱਕਦੀ ਆ ਰਹੀ ਸਾਂ। ਮ੍ਰਿਤ ਸੰਬੰਧ ਨੂੰ ਤਿਆਗ ਕੇ ਮੈਂ ਚੰਗੀ ਹੋ ਸਕੀ ਅਤੇ ਫਿਰ ਤੋਂ ਆਪਣੀ ਅਸਲੀ ਸ਼ਖਸੀਅਤ ਨੂੰ ਪ੍ਰਾਪਤ ਕਰਕੇ ਇੱਕ ਨਵਾਂ ਅਰੰਭ ਕਰ ਸਕੀ।

ਮੈਂ ਮਹਿਸੂਸ ਕਰ ਸਕਦੀ ਹਾਂ ਕਿ ਮੇਰੇ ਅੰਦਰ ਸੁਧਾਰ ਦਾ ਕੰਮ ਜਾਰੀ ਹੈ। ਮੇਰੇ ਨਾਲ ਜੋ ਕੁਝ ਵਾਪਰਿਆ ਹੈ ਉਸ ਨੇ ਮੈਨੂੰ ਮੇਰੀ ਸੋਚ ਤੋਂ ਕਿਤੇ ਵਧ ਕੇ ਮਜਬੂਤ ਬਣਾ ਦਿੱਤਾ ਹੈ। ਮੈਂ ਆਪਣੇ ਜੀਵਨ ਵਿੱਚ ਕਈ ਰੰਗ ਵੇਖੇ ਹਨ—ਕੁਝ ਠੰਡੇ ਅਤੇ ਕੁਝ ਨਿੱਘੇ ਸਤਰੰਗੀ। ਇਨ੍ਹਾਂ ਰੰਗਾਂ ਦੇ ਨਾਲ ਹੁਣ ਤਕ ਮੈਂ ਜੋ ਵੀ ਚਿੱਤਰਕਾਰੀ ਕੀਤੀ ਹੈ ਉਸ ਨੇ ਮੈਨੂੰ ਉਹ ਬਣਾਇਆ ਹੈ ਜੋ ਮੈਂ ਇਸ ਵੇਲੇ ਹਾਂ। ਹੁਣ ਮੈਂ ਮੰਨਦੀ ਹਾਂ ਕਿ ਮੇਰੇ ਸੰਘਰਸ਼ ਪਿੱਛੇ ਇੱਕ ਉਦੇਸ਼ ਸੀ।

ਜੇਕਰ ਤੁਹਾਨੂੰ ਵੀ ਜਜ਼ਬਾਤੀ ਤਿਆਗ ਨਾਲ ਸੰਘਰਸ਼ ਕਰਨਾ ਪੈ ਰਿਹਾ ਹੈ, ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਨੂੰ ਇਸ ਦਾ ਸਾਹਮਣਾ ਇਕੱਲਿਆਂ ਕਰਨ ਦੀ ਲੋੜ ਨਹੀਂ ਹੈ। ਚੰਗਿਆਈ ਦੀ ਮੇਰੀ ਯਾਤਰਾ ਦਾ ਸਭ ਤੋਂ ਵੱਡਾ ਹਿੱਸਾ ਇਹ ਰਿਹਾ ਹੈ ਕਿ ਮੈਂ ਇਸ ਬਾਰੇ ਕਿਸੇ ਨਾਲ ਗੱਲ ਕੀਤੀ। ਜੇਕਰ ਤੁਸੀਂ ਆਪਣਾ ਈਮੇਲ ਅਤੇ ਨਾਮ ਹੇਠਾਂ ਦਰਜ ਕਰੋਗੇ ਤਾਂ ਸਾਡਾ ਇੱਕ ਫ੍ਰੀ ਸਲਾਹਕਾਰ ਛੇਤੀ ਹੀ ਤੁਹਾਨੂੰ ਸੰਪਰਕ ਕਰੇਗਾ, ਤੁਹਾਨੂੰ ਸੁਣੇਗਾ ਅਤੇ ਤੁਹਾਡਾ ਸਾਥ ਦੇਵੇਗਾ, ਅਤੇ ਉਹ ਇਹ ਸਭ ਗੁਪਤ ਰੱਖੇਗਾ। ਜੇਕਰ ਤੁਸੀਂ ਚਾਹੋ ਤਾਂ ਆਪਣਾ ਅਸਲੀ ਨਾਮ ਲਿਖ ਸਕਦੇ ਹੋ, ਜਾਂ ਫਿਰ ਫਰਜ਼ੀ ਨਾਮ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਚੋਣ ਤੁਹਾਡੀ ਹੈ।

ਸੁਰੱਖਿਆ ਕਾਰਨਾਂ ਕਰਕੇ ਲੇਖਕ ਦਾ ਨਾਮ ਬਦਲਿਆ ਗਿਆ ਹੈ।
ਲੇਖਕ ਦੀ ਫੋਟੋ Clem Onojeghuo

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.