ਕਲਪਨਾ ਤੋਂ ਪਰੇ ਦਰਦ

ਦੁਰਵਿਹਾਰ ਦੇ ਕਾਰਣ ਆਉਣ ਵਾਲੇ ਦਰਦ ਦੀ ਤੁਸੀਂ ਉਦੋਂ ਤਕ ਕਲਪਨਾ ਨਹੀਂ ਕਰ ਸਕਦੇ ਜਦ ਤਕ ਤੁਸੀਂ ਇਸ ਦਾ ਸਾਹਮਣਾ ਆਪ ਨਹੀਂ ਕਰਦੇ। ਇਹ ਅਜਿਹਾ ਕੁਝ ਨਹੀਂ ਹੈ ਜਿਸ ਦਾ ਤਜਰਬਾ ਤੁਸੀਂ ਬਾਹਰੋਂ ਹੀ ਕਰਦੇ ਹੋ, ਸਗੋਂ ਇਹ ਤਾਂ ਇਨਸਾਨ ਨੂੰ ਅੰਦਰੋਂ ਤੋੜ ਕੇ ਰੱਖ ਦਿੰਦਾ ਹੈ, ਅਤੇ ਕਿਸੇ ਵੀ ਰਿਸ਼ਤੇ ਨੂੰ ਤਾਰ-ਤਾਰ ਕਰ ਸੁੱਟਦਾ ਹੈ। ਜਦ ਉਹ ਵਿਅਕਤੀ ਤੁਹਾਡੇ ਉੱਤੇ ਅੱਤਿਆਚਾਰ ਕਰਦਾ ਹੈ ਜਿਸ ਨੂੰ ਤੁਸੀਂ ਪ੍ਰੇਮ ਕਰਦੋ ਹੋ, ਤਾਂ ਤੁਹਾਡੀ ਦੁਨੀਆ ਖੇਰੂੰ-ਖੇਰੂੰ ਹੋ ਜਾਂਦੀ ਹੈ, ਅਤੇ ਸਭਕੁਝ ਖਤਮ ਹੋ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੇ ਦੁਰਵਿਹਾਰ ਨੂੰ ਸਹਿਣ ਨਹੀਂ ਕੀਤਾ ਜਾਣਾ ਚਾਹੀਦਾ; ਇਸ ਪਾਠ ਨੂੰ ਮੈਂ ਹੌਲੀ-ਹੌਲੀ ਆਪਣੇ ਟੁੱਟਦੇ ਜਾਂਦੇ ਵਿਆਹੁਤਾ ਜੀਵਨ ਵਿੱਚ ਸਿੱਖਿਆ। ਮੈਨੂੰ ਜ਼ਖਮ ਸਿਰਫ ਮੇਰੇ ਸਰੀਰ ਉੱਤੇ ਹੀ ਨਹੀਂ ਮਿਲੇ, ਸਗੋਂ ਮੇਰਾ ਦਿਲ ਵੀ ਵਿੰਨ੍ਹਿਆ ਗਿਆ ਅਤੇ ਮੇਰੇ ਦਿਮਾਗ ਉੱਤੇ ਇਸ ਦੀ ਛਾਪ ਪੈ ਗਈ।

ਇਸ ਸਭ ਦੇ ਦਰਮਿਆਨ ਮੈਂ ਦਰਦ ਅਤੇ ਬਰਬਾਦੀ ਨੂੰ ਸਹਿਣ ਦੀ ਸ਼ਕਤੀ ਪ੍ਰਾਪਤ ਕਰਨ ਲਈ ਇਕ ਕਵਿਤਾ ਲਿਖੀ।

ਮੈਨੂੰ ਚੇਤੇ ਆਉਂਦੇ ਹਨ ਉਹ ਪਿਆਰ ਭਰੇ ਪਲ
ਲੰਮੀਆਂ-ਲੰਮੀਆਂ ਗੱਲਾਂ ਕਰਨਾ
ਇੱਕ ਦੂਜੇ ਨੂੰ ਪਿਆਰ ਕਰਨਾ
ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਰੁੱਸ ਜਾਣਾ
ਦੇਰ ਰਾਤ ਤੱਕ ਗੱਲਾਂ ਕਰਨਾਂ, ਦਿਲ ਫੋਲਨਾ
ਅਜੀਬੋ-ਗਰੀਬ ਸੁਫਨੇ ਲੈਣਾ, ਇੱਕ ਦੂਜੇ ’ਤੇ ਹੱਕ ਜਮਾਉਣਾ
ਨਖਰੇ ਕਰਨਾ, ਤੇਰੇ ਫੋਨ ਦੀ ਉਡੀਕ ਕਰਨਾ
ਤੇਰੀਆਂ ਤਸਵੀਰਾਂ ਅਤੇ ਮੈਸਜਾਂ ਨੂੰ ਬਾਰ-ਬਾਰ ਵੇਖਣਾ
ਇਕੱਲਿਆਂ ਮੁਸਕੁਰਾਉਣਾ, ਅੱਖਾਂ ਬੰਦ ਕਰਕੇ ਤੇਰੇ ਉੱਤੇ ਭਰੋਸਾ ਕਰ ਲੈਣਾ
ਤੇਰੀਆਂ ਗਲਵੱਕੜੀਆਂ ਅਤੇ ਮੂੰਹ ਚੁੰਮਣਾ, ਤੇਰੀਆਂ ਭੋਲੀਆਂ ਖਾਹਿਸ਼ਾਂ!
ਅਤੇ ਹੁਣ ਤੇਰੇ ਨਾਲ ਵਿਆਹੇ ਜਾਣ ਤੋਂ ਬਾਅਦ ਮੇਰਾ ਖਾਲੀ ਪਿਆ ਇਨਬੌਕਸ,
ਨਾ ਫੋਨ, ਨਾ ਪਿਆਰ ਭਰੀਆਂ ਗੱਲਾਂ
ਬੇਹੋਸ਼ੀ, ਝਰੀਟਾਂ, ਜ਼ਖਮ, ਗਾਲਾਂ ਅਤੇ ਪੀੜਾਂ
ਘੰਟਿਆਂ ਇਕੱਲੇ ਬੈਠੇ ਰਹਿਣਾ, ਜਜ਼ਬਾਤਾਂ ਨੂੰ ਜਿੰਦਰੇ ਮਾਰ ਕੇ ਰੱਖਣਾ
ਦੇਰ ਰਾਤ ਨੂੰ ਰੋਣਾ, ਦਿਲ ਤੋੜ ਦੇਣ ਵਾਲੀਆਂ ਗੁੱਝੀਆਂ ਗੱਲਾਂ
ਦਗਾਬਾਜ਼ੀ ਦਾ ਸਦਮਾ, ਟੁੱਟੇ ਸੁਫਨੇ
ਮੁਰਝਾਈਆਂ ਯਾਦਾਂ, ਝੂਠੀਆਂ ਮੁਸਕੁਰਾਹਟਾਂ
ਟੁੱਟਿਆ ਭਰੋਸਾ, ਚਲਾਕੀਆਂ ਕਾਰਣ ਦਿਲ ਦਾ ਦਰਦ—
ਮੈਂ ਸੋਚੀ ਜਾਂਦੀ ਹਾਂ ਕਿ ਮੈਂ ਤੇਰੇ ਨਾਲ ਦਿਲ ਕਿਵੇਂ ਲਾ ਬੈਠੀ!

ਜਦ ਵੀ ਉਹ ਮੇਰੇ ਨਾਲ ਲੜਦਾ ਸੀ, ਮੈਂ ਬਹੁਤ ਭਾਰੀ ਜਜ਼ਬਾਤੀ ਸਦਮੇ ਵਿੱਚ ਚਲੀ ਜਾਂਦੀ ਸਾਂ—ਮੈਂ ਆਪਣਾ ਆਪਾ ਗੁਆ ਬੈਠਦੀ ਸੀ। ਅਜਿਹਾ ਕਰਕੇ ਮੈਂ ਉਸ ਨੂੰ ਉਹ ਤਾਕਤ ਦੇ ਦਿੰਦੀ ਸੀ ਜਿਸ ਦੀ ਵਰਤੋਂ ਕਰਕੇ ਉਹ ਮੈਨੂੰ ਮਾਰਦਾ-ਕੁੱਟਦਾ ਸੀ। ਜਦ ਵੀ ਕਦੇ ਕਿਸੇ ਬਹਿਸ ਦੇ ਦੌਰਾਨ ਉਹ ਮੇਰੇ ਜਜ਼ਬਾਤਾਂ ਦੀ ਕਦਰ ਕਰਦਾ ਸੀ, ਮੈਂ ਉਸ ਉੱਤੇ ਭਰੋਸਾ ਕਰ ਲੈਂਦੀ ਸਾਂ। ਮੈਂ ਉਸ ਉੱਤੇ ਵਿਸ਼ਵਾਸ ਕਰ ਲੈਂਦੀ ਸਾਂ। ਪਰ ਅਸਲ ਵਿੱਚ ਉਸ ਦੀਆਂ ਨਜ਼ਰਾਂ ਵਿੱਚ ਮੇਰੀ ਕੋਈ ਕੀਮਤ ਹੀ ਨਹੀਂ ਸੀ ਅਤੇ ਇਸ ਦੇ ਮੁੱਢਲੇ ਕਾਰਣ ਉਸ ਦੇ ਹਿੰਦੂ ਪਰਿਵਾਰ ਵੱਲੋਂ ਆਉਣ ਵਾਲੀ ਹੱਦੋਂ ਵੱਧ ਨੁਕਤਾਚੀਨੀ, ਉਸ ਦੀ ਸ਼ਰਾਬ ਦੀ ਲਤ, ਅਤੇ ਉਸ ਦੀ ਬੇਰਹਿਮੀ ਸੀ। ਸੱਚਾਈ ਤਾਂ ਇਹ ਸੀ ਕਿ ਉਹ ਮੇਰੇ ਨਾਲ ਇੱਕ ਨੌਕਰਾਣੀ ਜਿਹਾ ਵਿਹਾਰ ਕਰਦਾ ਸੀ।

ਸ਼ਰਾਬ ਉਸ ਉੱਤੇ ਬਹੁਤ ਬੁਰੀ ਤਰ੍ਹਾਂ ਹਾਵੀ ਹੋ ਜਾਂਦੀ ਸੀ, ਉਸ ਦੀ ਤਰਕ-ਸ਼ਕਤੀ ਅਤੇ ਉਸ ਦੇ ਜਜ਼ਬਾਤ ਖਤਮ ਹੋ ਜਾਂਦੇ ਸਨ—ਅਜਿਹੀਆਂ ਘੜੀਆਂ ਦੇ ਦੌਰਾਨ ਹੀ ਉਹ ਸਭ ਤੋਂ ਵੱਧ ਮਾਰ-ਕੁੱਟ ਕਰਦਾ ਸੀ। ਸ਼ਾਇਦ ਇਹ ਸੁਣਨ ਵਿੱਚ ਬਹੁਤ ਅਜੀਬ ਲੱਗੇ, ਪਰ ਕਦੇ-ਕਦੇ ਮੈਂ ਸੋਚਦੀ ਸਾਂ ਕਿ ਉਸ ਨੇ ਮੈਨੂੰ ਐਨਾ ਜ਼ਿਆਦਾ ਕੁੱਟਿਆ ਜਿਸ ਦੀ ਮੈਂ ਹੱਕਦਾਰ ਨਹੀਂ ਸੀ, ਸ਼ਾਇਦ ਇਸ ਦਾ ਕਾਰਣ ਇਹ ਸੀ ਕਿ ਮੈਂ ਉਸ ਨੂੰ ਐਨਾ ਜ਼ਿਆਦਾ ਪਿਆਰ ਕੀਤਾ ਜਿਸ ਦੇ ਉਹ ਲਾਇਕ ਨਹੀਂ ਸੀ।

ਮੇਰੀ ਬੇਟੀ ਬਚਪਨ ਵਿੱਚ ਹਮੇਸ਼ਾ ਮੈਨੂੰ ਇਹ ਆਖਦੀ ਸੀ, “ਮੰਮੀ, ਮੈਂ ਡਰਦੀ ਹਾਂ ਕਿ ਪਾਪਾ ਮੈਨੂੰ ਵੀ ਉਵੇਂ ਹੀ ਕੁੱਟਣਗੇ ਜਿਵੇਂ ਉਹ ਤੁਹਾਨੂੰ ਕੁੱਟਦੇ ਹਨ।”

ਮੈਂ ਉਸ ਨੂੰ ਐਨਾ ਪਾਗਲਾਂ ਵਾਂਗ ਪਿਆਰ ਕਰਦੀ ਸਾਂ ਕਿ ਉਸ ਦੀ ਇਸ ਸੱਚਾਈ ਨੂੰ ਮੈਂ ਆਪਣੇ ਪਰਿਵਾਰ ਅਤੇ ਮਿੱਤਰਾਂ ਤੋਂ ਕਈ ਵਰ੍ਹਿਆਂ ਤਕ ਲੁਕਾਈ ਰੱਖਿਆ। ਆਪਣੇ ਵਿਆਹੁਤਾ ਜੀਵਨ ਵਿੱਚ ਮੈਂ ਆਪਣੀ ਪਛਾਣ, ਆਪਣੀ ਸ਼ਖਸੀਅਤ, ਆਪਣੀ ਇੱਜ਼ਤ ਗੁਆ ਬੈਠੀ ਸਾਂ। ਮੇਰੀ ਆਸ ਅਤੇ ਮੇਰਾ ਸਨਮਾਨ ਮੈਥੋਂ ਖੋਹ ਲਿਆ ਗਿਆ ਸੀ। ਉਸ ਨੇ ਹਰ ਇੱਕ ਸੰਭਵ ਤਰੀਕੇ ਨਾਲ ਮੈਨੂੰ ਠੁਕਰਾ ਦਿੱਤਾ ਸੀ, ਆਪਣੇ ਦਿਲੋਂ ਅਤੇ ਆਪਣੇ ਸਰੀਰੋਂ ਵੀ। ਅਜਿਹਾ ਜਾਪ ਰਿਹਾ ਸੀ ਕਿ ਮੈਂ ਉਸ ਦੇ ਲਈ ਕਿਸੇ ਪੁਰਾਣੇ ਸਮਾਨ ਵਰਗੀ ਹੋ ਗਈ ਸਾਂ—ਜਿਸ ਨੂੰ ਉਹ ਆਪਣੇ ਗਲੋਂ ਲਾਹੁਣਾ ਚਾਹੁੰਦਾ ਸੀ।

ਉਸ ਨੇ ਇਹ ਗੱਲ ਕਦੇ ਨਹੀਂ ਸਿਆਣੀ ਕਿ ਜਦ ਵੀ ਉਹ ਮੈਨੰ ਕੁੱਟਦਾ ਸੀ, ਉਹ ਉਸ ਪਿਆਰ ਅਤੇ ਇੱਜ਼ਤ ਨੂੰ ਗੁਆਉਂਦਾ ਜਾ ਰਿਹਾ ਸੀ ਜਿਹੜੀ ਕਿਸੇ ਵੇਲੇ ਉਸ ਦੇ ਲਈ ਮੇਰੇ ਦਿਲ ਵਿੱਚ ਸੀ। ਇਸ ਨਾਲੋਂ ਚੰਗਾ ਤਾਂ ਇਹ ਹੁੰਦਾ ਕਿ ਉਹ ਮੈਨੂੰ ਤਲਾਕ ਦੇ ਦਿੰਦਾ ਅਤੇ ਅਜਿਹਾ ਕਰਕੇ ਮੇਰੇ ਪ੍ਰਤੀ ਇੱਕ ਚੰਗਾ ਅਤੇ ਇਨਸਾਨੀਅਤ ਭਰਿਆ ਵਿਹਾਰ ਕਰਦਾ। ਪਰ ਉਸ ਨੇ ਅਜਿਹਾ ਨਹੀਂ ਕੀਤਾ; ਉਸ ਨੂੰ ਆਪਣੀ ਅਣਖ ਬਹੁਤੀ ਪਿਆਰੀ ਸੀ। ਮੈਂ ਉਸ ਦੇ ਨਾਲ ਇਸ ਕਰਕੇ ਟਿਕੀ ਰਹੀ ਕਿਉਂਕਿ ਮੇਰੇ ਅੰਦਰ ਇਹ ਜੱਦੋ-ਜਹਿਦ ਜਾਰੀ ਸੀ ਕਿ ਜਿਸ ਵਿਅਕਤੀ ਨੂੰ ਮੈਂ ਐਨਾ ਪਿਆਰ ਕਰਦੀ ਹਾਂ ਉਸ ਨੂੰ ਮੈਂ ਕਿਵੇਂ ਛੱਡ ਸਕਦੀ ਹਾਂ, ਪਰ ਦੂਜੇ ਪਾਸੇ ਇਹ ਵੀ ਕਿ ਜਿਸ ਵਿਅਕਤੀ ਨੂੰ ਮੈਂ ਐਨਾ ਪਿਆਰ ਕਰਦੀ ਹਾਂ ਉਸ ਦਾ ਵਜੂਦ ਹੁਣ ਖਤਮ ਹੋ ਚੁੱਕਾ ਹੈ।

ਮੈਨੂੰ ਹੋਰ ਵੀ ਵੱਡਾ ਸਦਮਾ ਉਦੋਂ ਲੱਗਾ ਜਦੋਂ ਉਸ ਨੇ ਮੇਰੇ ਨਾਲ ਵਿਆਹੇ ਹੁੰਦੇ ਹੋਏ ਵੀ ਕਿਸੇ ਹੋਰ ਇਸਤਰੀ ਨਾਲ ਰਿਸ਼ਤਾ ਬਣਾ ਲਿਆ। ਮੈਨੂੰ ਉਸ ਦੀ ਇਸ ਹਰਕਤ ਦੀ ਭਿਣਕ ਲੱਗ ਗਈ ਸੀ, ਪਰ ਇੱਕ ਸਾਲ ਤੱਕ ਉਹ ਇਸ ਤੋਂ ਇਨਕਾਰ ਕਰਦਾ ਰਿਹਾ। ਪਰ ਅਜੇ ਵੀ, ਜਦ ਵੀ ਉਸ ਦਾ ਦਿਲ ਕਰਦਾ ਉਹ ਮੈਨੂੰ ਇਸਤੇਮਾਲ ਕਰਦਾ ਅਤੇ ਮੇਰੇ ਨਾਲ ਦੁਰਵਿਹਾਰ ਕਰਦਾ। ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸਾਂ—ਮੈਂ ਪਾਗਲਾਂ ਵਰਗੀ ਹੋ ਚੁੱਕੀ ਸਾਂ, ਨਾ ਤਾਂ ਮੈਂ ਚੰਗੀ ਤਰ੍ਹਾਂ ਭੋਜਨ ਖਾਂਦੀ ਸਾਂ ਅਤੇ ਨਾ ਹੀ ਚੰਗੀ ਤਰ੍ਹਾਂ ਸੌਂਦੀ ਸਾਂ। ਮੈਂ ਉਸ ਦੇ ਨਾਲ ਜਾਂ ਕਿਸੇ ਹੋਰ ਨਾਲ ਬਹੁਤ ਘੱਟ ਗੱਲ ਕਰਦੀ ਸਾਂ। ਹੌਲੀ-ਹੌਲੀ ਮੈਂ ਮਾਨਸਿਕ ਸਦਮੇ ਵਿੱਚ ਜਾ ਰਹੀ ਸਾਂ।

ਇਹ ਸਭ ਮੇਰੀ ਬੇਟੀ ਦੇ ਸਾਹਮਣੇ ਹੋ ਰਿਹਾ ਸੀ। ਉਹ ਅਜੇ ਵੀ ਦੱਸਦੀ ਹੈ ਕਿ ਕਿਵੇਂ “ਪਾਪਾ ਨੇ ਮੰਮੀ ਨੂੰ ਧੱਕਾ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ।” ਮੇਰੀ ਬੇਟੀ ਬਚਪਨ ਵਿੱਚ ਹਮੇਸ਼ਾ ਮੈਨੂੰ ਇਹ ਆਖਦੀ ਸੀ, “ਮੰਮੀ, ਮੈਂ ਡਰਦੀ ਹਾਂ ਕਿ ਪਾਪਾ ਮੈਨੂੰ ਵੀ ਉਵੇਂ ਹੀ ਕੁੱਟਣਗੇ ਜਿਵੇਂ ਉਹ ਤੁਹਾਨੂੰ ਕੁੱਟਦੇ ਹਨ।”

ਮੈਂ ਆਪਣੀ ਬੇਟੀ ਦੀ ਖਾਤਿਰ ਇਸ ਹਿੰਸਾ ਨੂੰ ਸਹਿੰਦੀ ਆ ਰਹੀ ਸਾਂ। ਮੈਂ ਇਸ ਰਿਸ਼ਤੇ ਨੂੰ ਨਿਭਾਉਣਾ ਜਾਰੀ ਰੱਖਣਾ ਚਾਹੁੰਦੀ ਸਾਂ ਤਾਂ ਜੋ ਮੇਰੀ ਬੇਟੀ ਨੂੰ ਤਲਾਕਸ਼ੁਦਾ ਮਾਪੇ ਨਾ ਵੇਖਣ ਨੂੰ ਮਿਲਣ, ਪਰ ਘਰ ਦਾ ਮਾਹੌਲ ਐਨਾ ਵਿਗੜ ਗਿਆ ਕਿ ਉਸ ਦੀ ਮਾਸੂਮ ਜ਼ਿੰਦਗੀ ਲਈ ਖਤਰਨਾਕ ਹੋ ਗਿਆ।

ਐਨੇ ਵਰ੍ਹਿਆਂ ਤਕ ਮੇਰੇ ਉੱਤੇ ਜ਼ੁਲਮ ਕਰਕੇ, ਮੇਰੇ ਸਰੀਰ ਦੇ ਹਰੇਕ ਅੰਗ ਉੱਤ ਜ਼ਖਮ ਦੇ ਕੇ, ਉਸ ਨੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਮੈਨੂੰ ਆਪਣੇ ਗਲੋਂ ਲਾਹੁਣਾ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਮੈਂ ਮਰ ਜਾਵਾਂ। ਉਸ ਦੀ ਇਹ ਗੱਲ ਸੁਣ ਕੇ ਮੇਰੀ ਰਹਿੰਦੀ-ਖੁਹੰਦੀ ਹਿੰਮਤ ਵੀ ਟੁੱਟ ਗਈ—ਇੱਥੋਂ ਤੱਕ ਕਿ ਮੈਂ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਆਪਣੀ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਮੋਰਫਿਨ ਵਾਲੀਆਂ ਦਰਦ ਦੀਆਂ ਬਹੁਤ ਸਾਰੀਆਂ ਗੋਲੀਆਂ ਖਾ ਲਈਆਂ, ਜਿਹੜੀਆਂ ਮੈਂ ਆਪਣੀ ਕਮਰ ਦਰਦ ਲਈ ਖਾਂਦੀ ਹੁੰਦੀ ਸਾਂ।

ਇਹ ਮੇਰੇ ਜੀਵਨ ਵਿੱਚ ਇੱਕ ਨਵਾਂ ਮੋੜ ਸੀ; ਇਹ ਬਹੁਤ ਭਿਆਣਕ ਅਤੇ ਦਰਦ ਭਰਿਆ ਸੀ, ਜਦ ਮੈਨੂੰ ICU ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਮੈਨੂੰ ਸਾਹ ਲੈਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਸੀ। ਮੈਂ ਟੁੱਟ ਚੁੱਕੀ ਸਾਂ ਅਤੇ ਨਿਰਾਸ ਹੋ ਚੁੱਕੀ ਸਾਂ, ਅਤੇ ਹੁਣ ਬਸ ਮਰ ਜਾਣਾ ਚਾਹੁੰਦੀ ਸਾਂ। ਪਰ ਮੇਰੇ ਮਾਪਿਆਂ ਨੇ ਮੇਰਾ ਸਾਥ ਨਹੀਂ ਛੱਡਿਆ ਅਤੇ ਮੈਨੂੰ ਉਹ ਸ਼ਕਤੀ ਅਤੇ ਬਲ ਦਿੰਦੇ ਰਹੇ ਜਿਸ ਦੀ ਮੈਨੂੰ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਬਹੁਤ ਜ਼ਿਆਦਾ ਲੋੜ ਸੀ। ਇੱਕ ਸਾਲ ਤੋਂ ਮੈਂ ਡਿਪ੍ਰੈਸ਼ਨ ਨਾਲ ਵੀ ਸੰਘਰਸ਼ ਕਰ ਰਹੀ ਸਾਂ ਅਤੇ ਐਂਟੀਡਿਪ੍ਰੈਸ਼ਨ ਦੀ ਦਵਾਈ ਲੈ ਰਹੀ ਸਾਂ। ਹਸਪਤਾਲ ਵਿੱਚ ਬਿਸਤਰੇ ’ਤੇ ਲੇਟਿਆਂ ਮੈਂ ਪਰਮੇਸ਼ੁਰ ਤੋਂ ਮਾਫੀ ਮੰਗੀ ਕਿ ਇੱਕ ਮੁਰਦਾ ਅਤੇ ਹਿੰਸਕ ਰਿਸ਼ਤੇ ਦੇ ਕਾਰਣ ਮੈਂ ਆਪਣੀ ਅਣਮੋਲ ਜ਼ਿੰਦਗੀ ਨੂੰ ਖਤਮ ਕਰਨ ਦਾ ਜਤਨ ਕੀਤਾ ਸੀ। ਉਸ ਦਿਨ ਮੈਂ ਫੁੱਟ-ਫੁੱਟ ਕੇ ਰੋਈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਮੈਂ ਹੁਣ ਉਹ ਕਮਜ਼ੋਰ ਇਸਤਰੀ ਨਹੀਂ ਰਹੀ ਹਾਂ ਜਿਹੜੀ ਮੈਂ ਪਹਿਲਾਂ ਹੋਇਆ ਕਰਦੀ ਸਾਂ।

ਮੈਂ ਆਪਣੀ ਅੰਦਰੂਨੀ ਤਾਕਤ ਨੂੰ ਸਿਆਣ ਲਿਆ ਕਿ ਮੇਰੀਆਂ ਤਕਲੀਫਾਂ ਨੇ ਮੈਨੂੰ ਐਨਾ ਤਕੜਾ ਬਣਾ ਦਿੱਤਾ ਹੈ ਕਿ ਹੁਣ ਕੋਈ ਵੀ ਮੁਸੀਬਤ ਮੈਨੂੰ ਤੋੜ ਨਹੀਂ ਸਕਦੀ। ਮੈਂ ਆਪਣੇ ਘਿਨਾਉਣੇ ਬੰਧਨ ਤੋਂ ਮੁਕਤ ਹੋਣਾ ਚਾਹੁੰਦੀ ਸਾਂ—ਉਸ ਆਸਹੀਣ ਰਿਸ਼ਤੇ ਤੋਂ ਅਜ਼ਾਦ ਹੋਣਾ ਚਾਹੁੰਦੀ ਸਾਂ ਜਿਸ ਨੂੰ ਮੈਂ ਆਪਣੇ ਵਿਆਹ ਤੋਂ ਲੈ ਕੇ ਕਈ ਵਰ੍ਹਿਆਂ ਤਕ ਨਿਭਾਉਂਦੀ ਆਈ ਸਾਂ। ਮੈਂ ਇੱਕ ਸੁਤੰਤਰ ਇਸਤਰੀ ਬਣਨਾ ਚਾਹੁੰਦੀ ਸਾਂ, ਜਿਸ ਨੂੰ ਕਿਸੇ ਪੁਰਸ਼ ਉੱਤੇ ਨਿਰਭਰ ਨਾ ਹੋਣਾ ਪਵੇ। ਆਖਿਰਕਾਰ ਮੈਂ ਆਪਣੇ ਇਸ ਹਿੰਸਕ ਰਿਸ਼ਤੇ ਤੋਂ ਬਾਹਰ ਆਉਣ ਦਾ ਫੈਸਲਾ ਲੈ ਲਿਆ। ਮੇਰੇ ਅੰਦਰ ਮੇਰੀਆਂ ਆਪਣੀਆਂ ਖਾਮੀਆਂ ਵੀ ਸਨ, ਪਰ ਮੈਂ ਉਨ੍ਹਾਂ ਨਾਲ ਨਜਿੱਠਣ ਲਈ ਤਿਆਰ ਸਾਂ। ਹੁਣ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਸਾਂ ਕਿ ਕੋਈ ਮੇਰੀ ਬੇਇੱਜ਼ਤੀ ਕਰੇ ਅਤੇ ਮੇਰੇ ਨਾਲ ਦੁਰਵਿਹਾਰ ਕਰੇ। ਹੁਣ ਮੈਂ ਉਸ ਵਿਅਕਤੀ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸਾਂ ਜਿਸ ਨੇ ਮੇਰਾ ਵਜੂਦ ਹੀ ਖਤਮ ਕਰ ਦਿੱਤਾ ਸੀ।

ਮੇਰੇ ਉੱਤੇ ਉਸ ਦੀ ਸਾਰੀ ਤਾਕਤ ਹੁਣ ਜਾਂਦੀ ਰਹੀ।

ਹਰੇਕ ਬੀਤਦੀ ਘੜੀ ਦੇ ਨਾਲ ਮੈਂ ਹੋਰ ਵੀ ਮਜਬੂਤ ਹੁੰਦੀ ਜਾ ਰਹੀ ਸਾਂ। ਪ੍ਰਾਰਥਨਾਵਾਂ ਅਤੇ ਮਾਰਗਦਰਸ਼ਨ ਨੇ ਮੈਨੂੰ ਮਜਬੂਤੀ ਅਤੇ ਮੇਰੀ ਬੇਟੀ ਦੇ ਨਾਲ ਇੱਕ ਸਾਰਥਕ ਜੀਵਨ ਜੀਉਣ ਦੀ ਨਵੀਂ ਆਸ ਦਿੱਤੀ। ਹੁਣ ਜਦ ਉਹ ਲੜਾਈ ਸ਼ੁਰੂ ਕਰਦਾ ਤਾਂ ਮੈਂ ਨਿਯੰਤ੍ਰਣ ਵਿੱਚ ਰਹਿ ਸਕਦੀ ਸਾਂ। ਇਸ ਦੇ ਨਤੀਜੇ ਵਜੋਂ, ਮੇਰੇ ਉੱਤੇ ਉਸ ਦੀ ਸਾਰੀ ਤਾਕਤ ਹੁਣ ਜਾਂਦੀ ਰਹੀ। ਜਦ ਮੈਂ ਇਸ ਗੱਲ ਨੂੰ ਪੂਰੀ ਤਰ੍ਹਾਂ ਸਿਆਣ ਲਿਆ ਕਿ ਮੈਂ ਵਿਆਹ ਇਸ ਕਰਕੇ ਨਹੀਂ ਕੀਤਾ ਸੀ ਕਿ ਮੈਨੂੰ ਇਸਤੇਮਾਲ ਜਾਵੇ ਅਤੇ ਮੇਰੇ ਨਾਲ ਦੁਰਵਿਹਾਰ ਹੋਵੇ। ਮੈਂ ਸਿਆਣ ਲਿਆ ਸੀ ਕਿ ਹੁਣ ਚੰਗਾ ਹੋਵੇਗਾ ਕਿ ਅੱਤਿਆਚਾਰ ਨਾਲ ਭਰੇ ਪਰਿਵਾਰ ਵਿੱਚ ਆਪਣੀ ਬੇਟੀ ਨੂੰ ਪਾਲਣ ਦੀ ਬਜਾਇ ਮੈਂ ਉਸ ਨੂੰ ਇਕੱਲਿਆਂ ਪਾਲਾਂ ਅਤੇ ਨਾਲੇ ਆਪਣੀ ਦੁਰਦਸ਼ਾ ਤੋਂ ਮੁਕਤ ਹੋ ਜਾਵਾਂ। ਅਜਿਹਾ ਜਾਪਦਾ ਹੈ ਕਿ ਮੈਂ ਨਰਕ ਵਰਗੇ ਹਾਲਾਤਾਂ ਵਿੱਚੋਂ ਨਿਕਲ ਕੇ ਆਈ ਸਾਂ, ਪਰ ਹੁਣ ਇੱਕ ਨਵੀਂ ਜ਼ਿੰਦਗੀ ਅਰੰਭ ਕਰਨ ਲਈ ਮਜਬੂਤ ਹੋ ਚੁੱਕੀ ਸਾਂ।

ਮੈਂ ਜਾਣਦੀ ਸਾਂ ਕਿ ਮੈਨੂੰ ਆਪਣੀ ਜ਼ਿੰਦਗੀ ਵਿੱਚ ਅਗਾਂਹ ਵਧਣ ਦੀ ਲੋੜ ਸੀ, ਇਸ ਕਰਕੇ ਮੈਂ ਇਸ ਗੱਲ ਉੱਤੇ ਗੌਰ ਕਰਕੇ ਕੰਮ ਕਰਨਾ ਅਰੰਭ ਕਰ ਦਿੱਤਾ। ਮੈਂ ਦਿਲ ਖੋਲ ਕੇ ਰੋ ਲਿਆ ਸੀ, ਪਰ ਫਿਰ ਮੈਂ ਫੈਸਲਾ ਕੀਤਾ ਕਿ ਹੁਣ ਮੈਂ ਆਪਣੀਆਂ ਪਿਛਲੀਆਂ ਕਮਜ਼ੋਰੀਆਂ ਕਰਕੇ ਦੁਬਾਰਾ ਕਦੇ ਨਹੀਂ ਰੋਵਾਂਗੀ। ਅੱਜ ਮੈਂ ਦਿਲੋਂ ਮੁਸਕੁਰਾਉਂਦੀ ਹਾਂ, ਕਿਉਂਕਿ ਅੱਜ ਮੈਂ ਜੀ ਰਹੀ ਹਾਂ। ਮੈਨੂੰ ਹੇਠਾਂ ਸੁੱਟਿਆ ਗਿਆ ਸੀ, ਪਰ ਮੈਂ ਪਹਿਲਾਂ ਨਾਲੋਂ ਵਧੇਰੇ ਤਕੜਾਈ ਅਤੇ ਪੱਕਾ ਇਰਾਦਾ ਲੈ ਕੇ ਖੜ੍ਹੀ ਹੋਈ ਹਾਂ।

ਕਿਸੇ ਵੀ ਇਸਤਰੀ ਨੂੰ ਸਰੀਰਕ ਅੱਤਿਆਚਾਰ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੈ ਤਾਂ ਤੁਸੀਂ ਜਾਣ ਲਓ ਕਿ ਤੁਸੀਂ ਇਕੱਲੀ ਨਹੀਂ ਹੋ ਅਤੇ ਤੁਸੀਂ ਕਮਜ਼ੋਰ ਨਹੀਂ ਹੋ। ਤੁਸੀਂ ਐਨੀ ਤਕੜੀ ਤਾਂ ਜ਼ਰੂਰ ਹੋ ਕਿ ਅਗਾਂਹ ਵਧੋ ਅਤੇ ਮਦਦ ਦੇ ਨਾਲ-ਨਾਲ ਮਾਰਗਦਰਸ਼ਨ ਦੀ ਖੋਜ ਕਰੋ। ਸਾਡੇ ਆਨਲਾਈਨ ਸਲਾਹਕਾਰਾਂ ਵਿੱਚੋਂ ਕੋਈ ਇੱਕ ਤੁਹਾਡੀ ਇਸ ਯਾਤਰਾ ਵਿੱਚ ਤੁਹਾਡੇ ਨਾਲ-ਨਾਲ ਤੁਰਨ ਲਈ ਤਿਆਰ ਹੈ। ਕਿਰਪਾ ਕਰਕੇ ਆਪਣੀ ਸੰਪਰਕ ਜਾਣਕਾਰੀ ਹੇਠਾਂ ਲਿਖ ਦਿਓ, ਤਾਂ ਜੋ ਅਸੀਂ ਛੇਤੀ ਤੋਂ ਛੇਤੀ ਤੁਹਾਨੂੰ ਸੰਪਰਕ ਕਰ ਸਕੀਏ।

ਗੋਪਨੀਯਤਾ ਬਣਾਏ ਰੱਖਣ ਲਈ ਲੇਖਕ ਦਾ ਨਾਮ ਬਦਲ ਦਿੱਤਾ ਗਿਆ ਹੈ।
ਲੇਖਕ ਦੀ ਫੋਟੋ Nadja Tatar

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.