ਹੌਲੀ-ਹੌਲੀ ਵਧਦਾ ਹੋਇਆ ਹਨ੍ਹੇਰਾ

ਜਰਵਰੀ 2016 ਦੇ ਅਰੰਭ ਵਿੱਚ ਡਾਕਟਰ ਨੇ ਮੈਨੂੰ ਦੱਸਿਆ ਕਿ ਮੈਂ ਤਣਾਅ ਦੇ ਕਾਰਨ ਆਉਣ ਵਾਲੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹਾਂ। ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਠਹਿਰ ਗਈ ਸੀ। ਮੈਂ ਨਾ ਤਾਂ ਪਰਿਵਾਰ ਉੱਤੇ ਧਿਆਨ ਦੇ ਪਾ ਰਿਹਾ ਸਾਂ ਅਤੇ ਨਾ ਹੀ ਆਪਣੇ ਕੰਮ ਉੱਤੇ। ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਦਿਮਾਗ ਉੱਤੇ ਹਨ੍ਹੇਰੇ ਦੇ ਬੱਦਲ ਛਾ ਗਏ ਹਨ। ਰੋਜਾਨਾ ਦੇ ਆਮ ਕੰਮ, ਜਿਵੇਂ ਕਿ ਭੋਜਨ ਖਾਣਾ, ਸੌਣਾ, ਬੋਲਣਾ, ਜਾਂ ਸਮੱਸਿਆਵਾਂ ਨੂੰ ਸੁਲਝਾਉਣਾ ਬਹੁਤ ਭਾਰੀ ਚੁਣੌਤੀਆਂ ਬਣ ਗਏ ਸਨ।

ਡਿਪਰੈਸ਼ਨ ਬਾਰੇ ਸਭ ਤੋਂ ਡਰਾਉਣੀ ਗੱਲ ਇਹ ਸੀ ਕਿ ਇਹ ਚੁੱਪਚਾਪ ਹੀ ਮੇਰੇ ਦਿਮਾਗ ਦੇ ਅੰਦਰ ਆਣ ਵੜਿਆ ਸੀ। ਮੈਨੂੰ ਤਾਂ ਇਸ ਗੱਲ ਦੀ ਭਿਣਕ ਤਕ ਨਹੀਂ ਸੀ ਕਿ ਮੇਰੇ ਜੀਵਨ ਵਿੱਚ ਦਿਖਾਈ ਦੇ ਰਹੇ ਲੱਛਣ—ਬਿਨਾ ਕੰਮ ਕੀਤਿਆਂ ਹੀ ਥੱਕ ਜਾਣਾ, ਚਿੜ੍ਹਦੇ ਰਹਿਣਾ, ਨੀਂਦ ਨਾ ਆਉਣਾ, ਉਲਝਣ ਵਿੱਚ ਪਏ ਰਹਿਣਾ, ਅਤੇ ਧਿਆਨ ਭਟਕਦੇ ਰਹਿਣਾ—ਡਿਪਰੈਸ਼ਨ ਦੇ ਚਿੰਨ੍ਹ ਸਨ। ਇਕ ਹੋਰ ਲੱਛਣ ਇਹ ਸੀ ਕਿ ਮੇਰਾ ਅਨੰਦ ਅਤੇ ਸ਼ਾਂਤੀ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਸਨ।

ਮੈਨੂੰ ਸਿਰਫ ਐਨਾ ਹੀ ਚੇਤੇ ਹੈ ਕਿ ਮੈਨੂੰ ਦਫਤਰ ਜਾਣ ਤੋਂ ਨਫਰਤ ਹੋਣ ਲੱਗ ਪਈ ਸੀ ਕਿਉਂਕਿ ਮੈਨੂੰ ਆਪਣੀ ਨਵੀਂ ਭੂਮਿਕਾ ਦੀਆਂ ਜ਼ੁੰਮੇਵਾਰੀਆਂ ਅਤੇ ਕਾਰੋਬਾਰ ਦੀਆਂ ਬਰੀਕੀਆਂ ਸਮਝ ਨਹੀਂ ਆ ਰਹੀਆਂ ਸਨ। ਹਮੇਸ਼ਾ ਡਰ ਮੇਰੇ ਉੱਤੇ ਹਾਵੀ ਰਹਿੰਦਾ ਸੀ। ਜਦ ਮੈਂ ਘਰ ਆਉਂਦਾ ਤਾਂ ਮੈਨੂੰ ਇਹ ਡਰ ਸਤਾਉਂਦਾ ਸੀ ਕਿ ਮੇਰੀ ਨੌਕਰੀ ਚਲੀ ਜਾਵੇਗੀ ਅਤੇ ਮੇਰੇ ਪਰਿਵਾਰ ਲਈ ਕਮਾਈ ਦਾ ਸਾਧਨ ਖਤਮ ਹੋ ਜਾਵੇਗਾ। ਇਸ ਦੇ ਕਾਰਨ ਹਾਲਾਤ ਹੋਰ ਵੀ ਖਰਾਬ ਹੋ ਗਏ। ਸਾਰੀ ਰਾਤ ਜਾਗਦਿਆਂ ਮੇਰਾ ਦਿਮਾਗ ਲਗਾਤਾਰ ਬੇਚੈਨ ਰਹਿੰਦਾ ਸੀ ਅਤੇ ਹਰ ਤਰ੍ਹਾਂ ਦੇ ਕਾਲਪਨਿਕ ਹਾਲਾਤਾਂ ਦੀ ਕਲਪਨਾ ਕਰਦਾ ਰਹਿੰਦਾ ਸੀ। ਨੀਂਦ ਦੀ ਘਾਟ ਦੇ ਕਾਰਨ ਅਗਲਾ ਦਿਨ ਹੋਰ ਵੀ ਖਰਾਬ ਬੀਤਦਾ ਸੀ। ਇਹ ਬੜਾ ਹੀ ਭਿਆਣਕ ਚੱਕਰ ਸੀ।

ਮੇਰੇ ਦੁਖ ਦੀ ਕੋਈ ਨਿਕਾਸੀ ਨਹੀਂ ਸੀ।

ਉਸ ਵੇਲੇ ਮੇਰੇ ਡਿਪਰੈਸ਼ਨ ਦਾ ਕਾਰਨ ਸਪਸ਼ਟ ਨਹੀਂ ਸੀ। ਪਰ ਹੁਣ ਜਦ ਮੈਂ ਮੁੜ ਕੇ ਵੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਸ ਦੇ ਇੱਕ ਨਾਲੋਂ ਵਧੇਰੇ ਕਾਰਨ ਸਨ, ਜਿਸ ਵਿੱਚ ਮੇਰੇ ਅੰਕਲ ਅਤੇ ਉਨ੍ਹਾਂ ਦੇ ਪੁੱਤਰ ਦੀ ਥੋੜੇ ਜਿਹੇ ਵਕਫੇ ਵਿੱਚ ਹੋਈ ਮੌਤ ਵੀ ਸ਼ਾਮਲ ਸੀ, ਜਿਨ੍ਹਾਂ ਦੇ ਨਾਲ ਮੇਰਾ ਬੜਾ ਗੂੜ੍ਹਾ ਸੰਬੰਧ ਸੀ। ਮੇਰੇ ਦੁਖ ਦੀ ਕੋਈ ਨਿਕਾਸੀ ਨਹੀਂ ਸੀ। ਇੱਕ ਪੁਰਸ਼, ਇੱਕ ਪਤੀ, ਇੱਕ ਪਿਤਾ, ਅਤੇ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਹੋਣ ਦੇ ਕਾਰਨ ਮੈਨੂੰ ਤਕੜਾ ਰਹਿਣਾ ਸੀ ਅਤੇ ਆਪਣੇ ਪਰਿਵਾਰ ਦੀ ਖਾਤਰ ਵਾਪਿਸ ਕੰਮ ’ਤੇ ਜਾਣਾ ਪੈਣਾ ਸੀ।

ਉਸ ਵੇਲੇ ਦੇ ਦੌਰਾਨ ਮੇਰੇ ਪਰਿਵਾਰ ਵਿੱਚ ਹੋਰ ਚੁਣੌਤੀਆਂ ਵੀ ਮੌਜੂਦ ਸਨ। ਮੇਰੀ ਮਾਤਾ ਨੂੰ ਡੇਂਗੂ ਦਾ ਰੋਗ ਹੋ ਗਿਆ ਸੀ, ਜੋ ਉਨ੍ਹਾਂ ਦੀ ਉਮਰ ਵਿੱਚ ਜਾਨਲੇਵਾ ਹੋ ਸਕਦਾ ਸੀ। ਉਸੇ ਸਮੇਂ ਦੇ ਦੌਰਾਨ ਮੇਰੀ ਸੱਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਦੋਵੇਂ ਗੋਡੇ ਬਦਲਣ ਦਾ ਅਪਰੇਸ਼ਨ ਕੀਤਾ ਜਾਣਾ ਸੀ। ਇਸ ਤੋਂ ਇਲਾਵਾ, ਮੇਰੀ ਨਵੀਂ ਨੌਕਰੀ ਨੂੰ ਅਜੇ ਥੌੜਾ ਸਮਾਂ ਹੀ ਹੋਇਆ ਸੀ ਅਤੇ ਕੰਮ ਦਾ ਦਬਾਓ ਬਹੁਤ ਜ਼ਿਆਦਾ ਸੀ।

ਮੇਰੇ ਅੰਦਰ ਆਤਮਹੱਤਿਆ ਕਰਨ ਦੇ ਵਿਚਾਰ ਆਉਣ ਲੱਗ ਪਏ, ਪਰ ਇਹ ਸੋਚ ਕੇ ਕਿ ਮੇਰਾ ਪਰਿਵਾਰ ਮੇਰੇ ਬਿਨਾ ਕੀ ਕਰੇਗਾ, ਮੈਂ ਰੁਕ ਜਾਂਦਾ ਸਾਂ। ਰਿਸ਼ਤੇ ਵਿੱਚ ਮੇਰੀ ਇੱਕ ਭਾਬੀ ਨੇ, ਜੋ ਆਪ ਇੱਕ ਡਾਕਟਰ ਸੀ, ਮੈਨੂੰ ਆਖਿਆ ਕਿ ਮੈਨੂੰ ਆਪਣੀ ਮੈਡੀਕਲ ਜਾਂਚ ਕਰਾਉਣੀ ਚਾਹੀਦੀ ਹੈ। ਮੈਂ ਇੱਕ ਡਾਕਟਰ ਨੂੰ ਮਿਲਿਆ ਜਿਸ ਨੇ ਮੈਨੂੰ ਅਜਿਹੀ ਦਵਾਈ ਦੇ ਦਿੱਤੀ ਜਿਸ ਨੇ ਮੇਰੀ ਹਾਲਤ ਹੋਰ ਵੀ ਵਿਗਾੜ ਦਿੱਤੀ। ਇਸ ਦੇ ਕਾਰਨ ਮੈਂ ਹੋਰ ਵੀ ਉਲਝਣ ਵਿੱਚ ਪੈ ਗਿਆ। ਮੇਰੀ ਹਾਲਤ ਸੁਧਰਨ ਦੀ ਬਜਾਇ ਵਿਗੜਦੀ ਕਿਉਂ ਜਾ ਰਹੀ ਸੀ?

ਫਿਰ ਸਾਡੇ ਇੱਕ ਪਰਿਵਾਰਕ ਡਾਕਟਰ ਨੇ ਸੁਝਾਓ ਦਿੱਤਾ ਕਿ ਮੈਨੂੰ ਕਿਸੇ ਮਨੋਵਿਗਿਆਨੀ ਨੂੰ ਮਿਲਣਾ ਚਾਹੀਦਾ ਹੈ। ਉਸ ਨੇ ਮੇਰੀ ਸਾਰੀ ਕਹਾਣੀ ਸੁਣੀ ਅਤੇ ਮੈਨੂੰ ਦਵਾਈ ਦੇਣੀ ਸ਼ੁਰੂ ਕਰ ਦਿੱਤੀ। ਇਹ ਡਾਕਟਰ ਬਹੁਤ ਧੀਰਜਵਾਨ ਸੀ ਅਤੇ ਮੈਂ ਆਪਣੇ ਸਾਰੇ ਜਜ਼ਬਾਤ ਉਸ ਦੇ ਅੱਗੇ ਰੱਖ ਸਕਿਆ। ਹੌਲੀ-ਹੌਲੀ, ਪਰ ਨਿਸ਼ਚਿਤ ਤੌਰ ’ਤੇ ਮੇਰੀ ਹਾਲਤ ਵਿੱਚ ਸੁਧਾਰ ਆਉਣ ਲੱਗ ਪਿਆ। ਮੇਰੀ ਦਵਾਈ ਕੁਝ ਮਹੀਨਿਆਂ ਤਕ ਤਦ ਤਕ ਜਾਰੀ ਰਹੀ ਜਦ ਤਕ ਕਿ ਮੈਨੂੰ ਅਤੇ ਡਾਕਟਰ ਨੂੰ ਇਹ ਯਕੀਨ ਨਹੀਂ ਹੋ ਗਿਆ ਕਿ ਹੁਣ ਇਸ ਦੀ ਲੋੜ ਨਹੀਂ ਸੀ।

ਮੈਂ ਅਜਿਹੀ ਇੱਕ ਗੱਲ ਦੀ ਖੋਜ ਕੀਤੀ ਜਿਸ ਦਾ ਤਜਰਬਾ ਮੈਂ ਪਹਿਲਾਂ ਕਦੇ ਨਹੀਂ ਕੀਤਾ ਸੀ—ਪਰਵਾਨਗੀ।

ਇਸ ਵੇਲੇ ਤਕ ਮੇਰੀ ਪਤਨੀ ਇੱਕ ਆਤਮਕ ਸੰਗਤੀ ਦੇ ਨਾਲ ਜੁੜ ਚੁੱਕੀ ਸੀ ਅਤੇ ਮੈਨੂੰ ਲਗਾਤਾਰ ਸੁਝਾਓ ਦੇ ਰਹੀ ਸੀ ਕਿ ਮੈਂ ਉਸ ਦੇ ਨਾਲ ਉੱਥੇ ਜਾਵਾਂ। ਉਸ ਨੂੰ ਖੁਸ਼ ਕਰਨ ਲਈ ਮੈਂ ਥੋੜਾ ਝਿਝਕਦਿਆਂ ਉਸ ਦੇ ਨਾਲ ਚਲਾ ਗਿਆ। ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਜ਼ਰਾ ਵੀ ਮਹਿਸੂਸ ਨਹੀਂ ਹੋਇਆ ਕਿ ਇਹ ਲੋਕ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਕਰ ਸਕਦੇ ਸਨ। ਪਰ ਕੁਝ ਸਮਾਂ ਉੱਥੇ ਜਾਂਦੇ ਰਹਿਣ ਤੋਂ ਬਾਅਦ ਮੈਂ ਅਜਿਹੀ ਇੱਕ ਗੱਲ ਦੀ ਖੋਜ ਕੀਤੀ ਜਿਸ ਦਾ ਤਜਰਬਾ ਮੈਂ ਪਹਿਲਾਂ ਕਦੇ ਨਹੀਂ ਕੀਤਾ ਸੀ—ਪਰਵਾਨਗੀ। ਪਰਵਾਨਗੀ ਦੇਣ ਵਾਲੇ ਅਜਿਹੇ ਸਮੂਹ ਦੇ ਨਾਲ ਜੁੜ ਕੇ ਮੈਂ ਇੱਕ ਵਿਅਕਤੀ, ਇੱਕ ਪਤੀ, ਅਤੇ ਇੱਕ ਪਿਤਾ ਦੇ ਰੂਪ ਵਿੱਚ ਆਪਣੇ ਅਸਲੀ ਮੁੱਲ ਨੂੰ ਸਿਆਣ ਸਕਿਆ। ਹੁਣ ਮੈਂ ਇਸ ਗੱਲ ਦਾ ਜਤਨ ਕਰ ਰਿਹਾ ਹਾਂ ਕਿ ਮੇਰੇ ਬੱਚੇ ਅਤੇ ਮੇਰੀ ਪਤਨੀ ਸਿਆਣ ਜਾਣ ਕਿ ਮੇਰੀਆਂ ਨਜ਼ਰਾਂ ਵਿੱਚ ਉਹ ਕਿੰਨੇ ਮੁੱਲਵਾਨ ਹਨ।

ਜੇਕਰ ਤੁਸੀਂ ਆਪਣੇ ਆਪ ਨੂੰ ਡਿਪਰੈਸ਼ਨ ਦਿਆਂ ਪੰਜਿਆਂ ਵਿੱਚ ਫਸਿਆ ਮਹਿਸੂਸ ਕਰ ਰਹੇ ਹੋ, ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਨੂੰ ਇਸ ਯਾਤਰਾ ਵਿੱਚ ਇਕੱਲਿਆਂ ਅਗਾਂਹ ਵਧਣ ਦੀ ਲੋੜ ਨਹੀਂ ਹੈ। ਡਿਪਰੈਸ਼ਨ ਅਕਸਰ ਇਕੱਲੇਪਣ ਵੱਲ ਲੈ ਜਾਂਦਾ ਹੈ, ਪਰ ਇਹ ਅਸਲ ਵਿੱਚ ਉਸ ਦੇ ਬਿਲਕੁਲ ਉਲਟ ਹੈ ਜੋ ਸਾਨੂੰ ਨਿਰਾਸ਼ਾ ਦੀ ਧੁੰਦ ਵਿੱਚੋਂ ਬਾਹਰ ਨਿਕਲਣ ਲਈ ਚਾਹੀਦਾ ਹੈ। ਸਾਨੂੰ ਕਿਸੇ ਨੂੰ ਮਿਲਣ ਅਤੇ ਆਪਣੇ ਦੁਖ ਬਾਰੇ ਗੱਲ ਕਰਨ ਦੀ ਲੋੜ ਹੈ।

ਇਸ ਵੈਬਸਾਈਟ ਦੇ ਜ਼ਰੀਏ ਤੁਹਾਨੂੰ ਅਜਿਹੇ ਫ੍ਰੀ ਸਲਾਹਕਾਰ ਮਿਲ ਸਕਦੇ ਹਨ ਜੋ ਤੁਹਾਡੀ ਕਹਾਣੀ ਨੂੰ ਸੁਣਨ ਲਈ ਅਤੇ ਤੁਹਾਡੇ ਉੱਤੇ ਕੋਈ ਇਲਜ਼ਾਮ ਲਗਾਏ ਬਿਨਾ ਤੁਹਾਡਾ ਸਾਥ ਦੇਣ ਲਈ ਤਿਆਰ ਹਨ, ਅਤੇ ਉਹ ਇਹ ਸਭ ਗੁਪਤ ਰੱਖਣਗੇ। ਜੇਕਰ ਤੁਸੀਂ ਹੇਠਾਂ ਦਿੱਤਾ ਹੋਇਆ ਫਾਰਮ ਭਰੋਗੇ ਤਾਂ ਕੋਈ ਨਾ ਕੋਈ ਸਲਾਹਕਾਰ ਛੇਤੀ ਹੀ ਤੁਹਾਨੂੰ ਸੰਪਰਕ ਕਰੇਗਾ। ਜੇਕਰ ਤੁਸੀਂ ਚਾਹੋ ਤਾਂ ਆਪਣਾ ਅਸਲੀ ਨਾਮ ਲਿਖ ਸਕਦੇ ਹੋ, ਜਾਂ ਫਿਰ ਫਰਜ਼ੀ ਨਾਮ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਚੋਣ ਤੁਹਾਡੀ ਹੈ।

ਲੇਖਕ ਦੀ ਫੋਟੋ navneet mahajan

ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।

ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!

ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।

ਤੁਹਾਡਾ ਲਿੰਗ:
ਉਮਰ:

ਅਸੀਂ ਤੁਹਾਡਾ ਲਿੰਗ ਅਤੇ ਉਮਰ ਇਸ ਕਰਕੇ ਪੁੱਛਦੇ ਹਾਂ ਤਾਂ ਜੋ ਤੁਹਾਨੂੰ ਇੱਕ ਢੁਕਵਾਂ ਸਲਾਹਕਾਰ ਦੇ ਸਕੀਏ। ਸੇਵਾ ਦੀਆਂ ਸ਼ਰਤਾਂ & ਗੋਪਨੀਯਤਾ ਨੀਤੀ.