ਚੋਰੀ ਕਰ ਲਿਆ ਗਿਆ ਬਚਪਨ
ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈ ਕਿ ਜਦ ਬਚਪਨ ਵਿੱਚ ਮੇਰੇ ਨਾਲ ਪਹਿਲੀ ਵਾਰੀ ਦੁਰਵਿਹਾਰ ਕੀਤਾ ਗਿਆ ਸੀ ਤਾਂ ਮੇਰੀ ਉਮਰ ਕਿੰਨੀ ਸੀ, ਪਰ ਮੈਂ ਬਹੁਤ ਛੋਟਾ ਸਾਂ, ਸ਼ਾਇਦ 7 ਜਾਂ 8 ਵਰ੍ਹਿਆਂ ਦਾ।
ਮੇਰਾ ਪਰਿਵਾਰ ਬਹੁਤ ਪਿਆਰਾ ਹੈ ਅਤੇ ਮੈਨੂੰ ਸਾਰਾ ਸੰਸਾਰ “ਸੁਰੱਖਿਅਤ” ਮਹਿਸੂਸ ਹੁੰਦਾ ਸੀ। ਸਾਡੀ ਉਮਰਦਰਾਜ ਨੌਕਰਾਣੀ ਕਈ ਵਰ੍ਹਿਆਂ ਤੋਂ ਸਾਡੇ ਪਰਿਵਾਰ ਦੇ ਨਾਲ ਸੀ। ਉਸ ਨੂੰ ਮੈਂ ਹਮੇਸ਼ਾ ਮਾਂ ਵਾਂਗ ਦੇਖਭਾਲ ਕਰਨ ਵਾਲੀ ਇਸਤਰੀ ਵਜੋਂ ਵੇਖਿਆ ਸੀ।
ਇੱਕ ਦਿਨ ਦੁਪਹਿਰ ਨੂੰ ਜਦ ਮੇਰੇ ਮਾਪੇ ਨੌਕਰੀ ’ਤੇ ਗਏ ਹੋਏ ਸਨ ਤਾਂ ਇਸ ਨੌਕਰਾਣੀ ਨੇ ਮੈਨੂੰ ਆਖਿਆ ਕਿ ਮੈਂ ਉਸ ਦੇ ਨਾਲ ਇੱਕ “ਖੇਡ” ਖੇਡਾਂ। ਉਸ ਨੇ ਮੈਨੂੰ ਆਖਿਆ ਕਿ ਮੈਂ ਉਸ ਨੂੰ ਗਲਤ ਤਰੀਕੇ ਨਾਲ ਛੂਹਾਂ। ਇਸ ਦੇ ਬਦਲੇ ਵਿੱਚ ਉਸ ਨੇ ਮੈਨੂੰ ਟਾਫੀਆਂ ਦਿੱਤੀਆਂ। ਉਸ ਨੇ ਇਹ ਆਖ ਕੇ ਇਸ ਨੂੰ ਸਹੀ ਠਹਿਰਾਇਆ ਕਿ ਇਹ ਸਿਰਫ “ਮਜ਼ਾ ਕਰਨ ਲਈ ਖੇਡਿਆ ਜਾਣ ਵਾਲਾ ਇੱਕ ਖੇਡ” ਹੈ। ਛੋਟਾ ਬੱਚਾ ਹੁੰਦਿਆਂ ਹੋਇਆਂ ਵੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਇਹ ਸਹੀ ਨਹੀਂ ਹੈ, ਅਤੇ ਮੈਂ ਉਸ ਨੂੰ ਇਹ ਦੱਸਿਆ ਵੀ ਸੀ। ਪਰ ਉਸ ਨੇ ਇਹ ਆਖ ਕੇ ਇਸ ਨੂੰ ਸਹੀ ਠਹਿਰਾਇਆ ਕਿ ਇਹ ਖੇਡ ਉਸ ਨੂੰ “ਖੁਸ਼ੀ” ਦਿੰਦੀ ਹੈ। ਕਿਉਂਕਿ ਮੈਂ ਉਸ ਨੂੰ ਇੱਕ ਚੰਗੀ ਇਸਤਰੀ ਸਮਝਦਾ ਸਾਂ, ਇਸ ਕਰਕੇ ਮੈਂ ਉਸ ਦੇ ਨਾਲ ਇਹ ਖੇਡ ਖੇਡਦਾ ਰਿਹਾ, ਹਾਲਾਂਕਿ ਇਹ ਮੈਨੂੰ ਚੰਗਾ ਨਹੀਂ ਲੱਗਦਾ ਸੀ।
ਉਸ ਨੇ ਮੈਨੂੰ ਆਖਿਆ ਕਿ ਮੈਂ ਉਸ ਨੂੰ ਗਲਤ ਤਰੀਕੇ ਨਾਲ ਛੂਹਾਂ। ਇਸ ਦੇ ਬਦਲੇ ਵਿੱਚ ਉਸ ਨੇ ਮੈਨੂੰ ਟਾਫੀਆਂ ਦਿੱਤੀਆਂ।
ਜਦ ਮੈਂ ਉਸ ਨੂੰ ਆਖਿਆ ਕਿ ਮੈਂ ਇਹ ਖੇਡ ਹੋਰ ਨਹੀਂ ਖੇਡਣਾ ਚਾਹੁੰਦਾ, ਤਾਂ ਉਸ ਨੇ ਮੈਨੂੰ ਧਮਕੀ ਦਿੱਤੀ ਕਿ ਉਹ ਮੇਰੇ ਛੋਟੇ ਭਰਾ ਨਾਲ ਵੀ ਅਜਿਹਾ ਹੀ ਕਰੇਗੀ। ਅਤੇ ਜੇਕਰ ਇਹ ਵੀ ਕਾਫੀ ਨਾ ਹੋਇਆ ਤਾਂ ਉਹ ਮੇਰੇ ਮਾਪਿਆਂ ਨੂੰ ਦੱਸ ਦੇਵੇਗੀ ਕਿ ਇਹ ਸਭ ਮੈਂ ਹੀ ਸ਼ੁਰੂ ਕੀਤਾ ਸੀ। ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ, ਬਸ ਇਹੋ ਕਿ ਮੈਂ ਇਹ ਕਰਦਾ ਰਹਾਂ, ਜਿਸ ਦਾ ਮੈਨੂੰ ਕੋਈ ਅੰਤ ਦਿਖਾਈ ਨਹੀਂ ਦੇ ਰਿਹਾ ਸੀ। ਅਜਿਹਾ ਜਾਪ ਰਿਹਾ ਸੀ ਕਿ ਮੈਂ ਇੱਕ ਭਿਆਣਕ ਸੁਫਨਾ ਵੇਖ ਰਿਹਾ ਹਾਂ ਅਤੇ ਇਸ ਰਾਤ ਦੀ ਕਦੇ ਸਵੇਰ ਨਹੀਂ ਹੋਵੇਗੀ।
ਮੈਨੂੰ ਚੇਤੇ ਨਹੀਂ ਹੈ ਕਿ ਇਹ ਸਭ ਕਿੰਨਾ ਚਿਰ ਚੱਲਦਾ ਰਿਹਾ, ਕਿਉਂਕਿ ਮੈਂ ਆਪਣੇ ਜੀਵਨ ਦੇ ਇੱਕ ਵੱਡੇ ਹਿੱਸੇ ਨੂੰ ਭੁਲਾ ਚੁੱਕਾ ਹਾਂ। ਪਰ ਮੈਨੂੰ ਐਨਾ ਜ਼ਰੂਰ ਯਾਦ ਹੈ ਕਿ ਕੁਝ ਵਰ੍ਹਿਆਂ ਬਾਅਦ ਕਿਸੇ ਗੱਲ ਨੂੰ ਲੈ ਕੇ ਇਸ ਨੌਕਰਾਣੀ ਦੀ ਮੇਰੀ ਮਾਂ ਦੇ ਨਾਲ ਬਹਿਸ ਹੋ ਗਈ ਅਤੇ ਮੈਂ ਆਪਣਾ ਆਪਾ ਗੁਆ ਬੈਠਾ। ਮੇਰੇ ਨਾਲ ਉਸ ਨੇ ਜੋ ਕੁਝ ਕੀਤਾ ਸੀ ਉਸ ਦੇ ਕਾਰਣ ਮੇਰੇ ਅੰਦਰ ਉਸ ਦੇ ਲਈ ਐਨਾ ਜ਼ਿਆਦਾ ਗੁੱਸਾ ਭਰਿਆ ਹੋਇਆ ਸੀ ਕਿ ਮੈਂ ਉਸ ਉੱਤੇ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਐਨਾ ਚੀਕਿਆ ਕਿ ਮੇਰੀ ਅਵਾਜ਼ ਹੀ ਚਲੀ ਗਈ। ਮੈਂ ਅਜਿਹਾ ਬਿਲਕੁਲ ਨਹੀਂ ਸੀ ਅਤੇ ਮੇਰੇ ਇਸ ਰਵੱਈਏ ਨੇ ਮੇਰੀ ਮਾਂ ਨੂੰ ਹੈਰਾਨ ਕਰ ਦਿੱਤਾ। ਅਜਿਹਾ ਇਸ ਕਰਕੇ ਹੋਇਆ ਕਿਉਂਕਿ ਉਸ ਦੇ ਲਈ ਮੇਰੇ ਅੰਦਰ ਗੁੱਸਾ ਭਰਦਾ ਜਾ ਰਿਹਾ ਸੀ।
ਕਈ ਵਰ੍ਹਿਆਂ ਬਾਅਦ, 36 ਵਰ੍ਹਿਆਂ ਦੀ ਉਮਰ ਵਿੱਚ, ਮੈਂ ਆਪਣੇ ਮਾਪਿਆਂ ਕੋਲ ਆਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਬਚਪਨ ਵਿੱਚ ਮੇਰੇ ਨਾਲ ਕੀ ਬੀਤਿਆ ਸੀ। ਹਾਲਾਂਕਿ ਮੈਂ ਇਹ ਨਹੀਂ ਸਮਝ ਸਕਿਆ ਸੀ ਕਿ ਮੇਰੇ ਨਾਲ ਦੁਰਵਿਹਾਰ ਹੋਇਆ ਸੀ। ਉਨ੍ਹਾਂ ਦੇ ਚਿਹਰੇ ਉੱਤੇ ਲਾਚਾਰੀ, ਦੋਸ਼-ਭਾਵਨਾ, ਅਤੇ ਉਦਾਸੀ ਵੇਖ ਕੇ ਮੈਂ ਅੰਦਰੋਂ ਟੁੱਟ ਗਿਆ। ਅਜਿਹਾ ਜਾਪ ਰਿਹਾ ਸੀ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੈਥੋਂ ਮਾਫੀ ਕਿਵੇਂ ਮੰਗਣ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਹ ਆਪਣੇ ਬੱਚੇ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੇ ਹਨ। ਅਸੀਂ ਇਕੱਠੇ ਬੈਠ ਕੇ ਕਈ ਘੰਟਿਆਂ ਤੱਕ ਰੋਂਦੇ ਰਹੇ। ਕਈ ਵਰ੍ਹਿਆਂ ਤੋਂ ਜਮਾ ਹੋਈ ਪਈ ਸਾਰੀ ਦੋਸ਼-ਭਾਵਨਾ, ਸਾਰੀ ਨਿਰਾਸਾ, ਅਤੇ ਸਾਰਾ ਗੁੱਸਾ ਹੁਣ ਬਾਹਰ ਆ ਗਿਆ ਸੀ। ਮੇਰੇ ਇਸ ਤਰ੍ਹਾਂ ਆਪਣਾ ਦਿਲ ਖੋਲ੍ਹਣ ਨਾਲ ਉਨ੍ਹਾਂ ਦੇ ਦਿਲ ਵਿਨ੍ਹੇ ਗਏ ਸਨ; ਪਰ ਇਸ ਤੋਂ ਬਾਅਦ ਮੈਂ ਉਨ੍ਹਾਂ ਦੇ ਬਹੁਤ ਨੇੜੇ ਆ ਗਿਆ ਅਤੇ ਮੈਂ ਸਿਆਣ ਲਿਆ ਕਿ ਭਾਵੇਂ ਕੁਝ ਵੀ ਹੋ ਜਾਵੇ, ਉਹ ਅਜੇ ਵੀ ਮੈਨੂੰ ਪਿਆਰ ਕਰਦੇ ਸਨ ਅਤੇ ਮੈਂ ਇਸ ਲਈ ਬਹੁਤ ਸ਼ੁਕਰਗੁਜ਼ਾਰ ਹਾਂ।
ਹੁਣ 45 ਵਰ੍ਹਿਆਂ ਦਾ ਹੋ ਕੇ ਮੈਨੂੰ ਆਪਣੇ ਅੰਦਰ ਇਹ ਮਹਿਸੂਸ ਹੁੰਦਾ ਹੈ ਕਿ ਬਚਪਨ ਵਿੱਚ ਮੇਰੇ ਨਾਲ ਹੋਏ ਇਸ ਜਿਨਸੀ ਦੁਰਵਿਹਾਰ ਨੇ ਮੇਰੇ ਚਿੱਤ ਵਿੱਚ ਇੱਕ ਡੂੰਘਾ ਜ਼ਖਮ ਛੱਡ ਦਿੱਤਾ ਹੈ ਅਤੇ ਲੋਕਾਂ ਉੱਤੇ ਭਰੋਸਾ ਕਰਨ ਦੀ ਮੇਰੀ ਕਾਬਲੀਅਤ ਨੂੰ ਨੁਕਸਾਨ ਪੁਚਾਇਆ ਹੈ। ਹੁਣ ਮੈਂ ਇਕੱਲਾ ਰਹਿੰਦਾ ਹਾਂ ਅਤੇ ਆਪਣੇ ਕਾਰੋਬਾਰੀ ਜੀਵਨ ਵਿੱਚ ਬਹੁਤ ਹੱਦ ਤੱਕ ਸਫਲ ਵਿਅਕਤੀ ਗਾਂ। ਜ਼ਿੰਦਗੀ ਵਿੱਚ ਕਦੇ ਪਿਆਰ ਦਾ ਅਹਿਸਾਸ ਨਾ ਹੋਣ ਤੋਂ ਬਾਅਦ ਹੁਣ ਮੈਂ ਕਿਸੇ ਦੇ ਨਾਲ ਸੰਬੰਧ ਦੀ ਤਲਾਸ਼ ਵਿੱਚ ਹਾਂ ਅਤੇ ਮੇਰੇ ਕਾਰੋਬਾਰ ਅਤੇ ਨਿੱਜੀ ਜੀਵਨ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਆਸਵੰਦ ਹਾਂ।
ਜਦ ਮੈਂ ਮੁੜ ਕੇ ਵੇਖਦਾ ਹਾਂ ਤਾਂ ਚੇਤੇ ਕਰਦਾ ਹਾਂ ਕਿ ਕਿਵੇਂ ਮੈਂ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ ਸੀ ਅਤੇ ਉਨ੍ਹਾਂ ਦੇ ਨਿਰਸੁਆਰਥ ਪ੍ਰੇਮ ਨੇ ਮੇਰੇ ਜ਼ਖਮਾਂ ਨੂੰ ਚੰਗਾ ਕਰ ਦਿੱਤਾ ਸੀ। ਮੈਂ ਥੇਰੇਪੀ ਵਿੱਚ ਕਈ ਘੰਟੇ ਬਿਤਾਏ ਹਨ ਅਤੇ ਇਸ ਨੇ ਮੈਨੂੰ ਆਪਣੇ ਜੀਵਨ ਦਾ ਅਨੰਦ ਮਾਣਨ ਅਤੇ ਆਪਣੇ ਅਤੀਤ ਨੂੰ ਭੁਲਾਉਣ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ। ਮੈਨੂੰ ਇੱਕੋ ਗੱਲ ਦਾ ਅਫਸੋਸ ਹੈ ਕਿ ਮੈਂ ਇਸ ਬਾਰੇ ਬਹੁਤ ਪਹਿਲਾਂ ਹੀ ਕਿਸੇ ਨੂੰ ਕਿਉਂ ਨਹੀਂ ਦੱਸ ਦਿੱਤਾ ਅਤੇ ਕਿਉਂ ਮੈਂ ਇਸ ਗੱਲ ਤੋਂ ਡਰਦਾ ਰਿਹਾ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ ਅਤੇ ਕੀ ਆਖਣਗੇ।
ਕੀ ਤੁਹਾਡੇ ਬਚਪਨ ਵਿੱਚ ਵੀ ਤੁਹਾਡੇ ਨਾਲ ਦੁਰਵਿਹਾਰ ਹੋਇਆ ਹੈ? ਕੀ ਇਸ ਨੇ ਤੁਹਾਡੇ ਅੰਦਰ ਜ਼ਖਮ ਛੱਡੇ ਹੋਏ ਹਨ ਅਤੇ ਤੁਹਾਡੀ ਹਿੰਮਤ ਨਹੀਂ ਹੋਈ ਹੈ ਕਿ ਕਿਸੇ ਨਾਲ ਇਸ ਬਾਰੇ ਗੱਲ ਕਰੋ? ਤਾਂ ਸ਼ਾਇਦ ਤੁਸੀਂ ਕਈ ਵਰ੍ਹਿਆਂ ਤੋਂ ਇਸ ਦੋਸ਼-ਭਾਵਨਾ ਅਤੇ ਸ਼ਰਮ ਨੂੰ ਆਪਣੇ ਅੰਦਰ ਲੈ ਕੇ ਜੀ ਰਹੇ ਹੋ। ਆਪਣੇ ਅਜਿਹੇ ਤਜਰਬੇ ਬਾਰੇ ਕਿਸੇ ਨਾਲ ਗੱਲਬਾਤ ਕਰਕੇ ਬਹੁਤ ਮਦਦ ਮਿਲਦੀ ਹੈ। ਜੇਕਰ ਤੁਸੀਂ ਆਪਣੀ ਸੰਪਰਕ ਜਾਣਕਾਰੀ ਹੇਠਾਂ ਦਰਜ ਕਰ ਦਿਓ ਤਾਂ ਸਾਡੇ ਵਿੱਚੋਂ ਕੋਈ ਨਾ ਕੋਈ ਤੁਹਾਨੂੰ ਸੰਪਰਕ ਜ਼ਰੂਰ ਕਰੇਗਾ ਅਤੇ ਤੁਹਾਡੀ ਕਹਾਣੀ ਸੁਣਨ ਤੋਂ ਬਾਅਦ ਤੁਹਾਡੀ ਮਦਦ ਕਰੇਗਾ, ਕਿਉਂਕਿ ਅਜਿਹਾ ਸਹਿਣ ਵਾਲੇ ਤੁਸੀਂ ਇਕੱਲੇ ਵਿਅਕਤੀ ਨਹੀਂ ਹੋ।
ਸੁਰੱਖਿਆ ਕਾਰਨਾਂ ਕਰਕੇ ਲੇਖਕ ਦਾ ਨਾਮ ਬਦਲਿਆ ਗਿਆ ਹੈ।
ਤੁਹਾਨੂੰ ਇਕੱਲਿਆਂ ਯਾਤਰਾ ਕਰਨ ਦੀ ਲੋੜ ਨਹੀਂ ਹੈ। ਸਾਡੇ ਨਾਲ ਗੱਲ ਕਰੋ। ਇਹ ਗੱਲਬਾਤ ਗੁਪਤ ਰਹੇਗੀ।
ਇਨ੍ਹਾਂ ਮਸਲਿਆਂ ਦਾ ਸਾਹਮਣਾ ਕਰਨਾ ਔਖਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ!!
ਕਿਰਪਾ ਕਰਕੇ ਹੇਠਾਂ ਦਿੱਤਾ ਗਿਆ ਫਾਰਮ ਭਰੋ, ਤਾਂ ਜੋ ਕੋਈ ਸਲਾਹਕਾਰ ਤੁਹਾਨੂੰ ਸੁਣਨ ਲਈ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਛੇਤੀ ਸੰਪਰਕ ਕਰ ਸਕੇ।